IND vs BAN : ਕਪਤਾਨ ਰੋਹਿਤ ਨੇ ਰਿਸ਼ਭ ਨੂੰ ਟੀ-20 ਮੈਚ ''ਚ ਮੌਕਾ ਦੇਣ ਦੀ ਗੱਲ ਕਹੀ
Saturday, Nov 02, 2019 - 05:26 PM (IST)

ਨਵੀਂ ਦਿੱਲੀ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਲਈ ਦੋਵੇਂ ਟੀਮਾਂ ਤਿਆਰ ਹਨ। ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਗੈਰ ਮੌਜੂਦਗੀ 'ਚ ਰੋਹਿਤ ਸ਼ਰਮਾ ਟੀਮ ਦੀ ਕਪਤਾਨੀ ਕਰਨਗੇ। ਰੋਹਿਤ ਨੇ ਮੈਚ ਤੋਂ ਇਕ ਦਿਨ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਪਤਾਨੀ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਟੈਸਟ ਪਲੇਇੰਗ ਇਲੈਵਨ 'ਚੋਂ ਬਾਹਰ ਪੰਤ ਨੂੰ ਟੀ-20 ਫਾਰਮੈਟ 'ਚ ਕਿਉਂ ਮੌਕਾ ਮਿਲੇਗਾ।
ਰੋਹਿਤ ਨੇ ਰਿਸ਼ਭ ਪੰਤ ਨੂੰ ਟੀ-20 ਫਾਰਮੈਟ ਦਾ ਮੈਚ ਜੇਤੂ ਖਿਡਾਰੀ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਦੌੜਾਂ ਬਣਾਉਣ ਦੀ ਜ਼ਰੂਰਤ ਹੈ। ਉਹ ਆਪਣੇ ਦਿਨ 'ਤੇ ਮੈਚ ਨੂੰ ਬਹੁਤ ਅੱਗੇ ਵਧਾਉਣ ਦਾ ਹੁਨਰ ਰਖਦੇ ਹਨ। ਰੋਹਿਤ ਨੇ ਸੰਜੂ ਸੈਮਸਨ ਅਤੇ ਰਿਸ਼ਭ ਪੰਤ 'ਤੇ ਸਵਾਲ ਕੀਤੇ ਜਾਣ 'ਤੇ ਕਿਹਾ, ''ਦੋਵੇਂ ਵਿਕਟਕੀਪਰ ਜੋ ਸਾਡੀ ਟੀਮ 'ਚ ਹਨ ਬੇਹੱਦ ਹੀ ਹੁਨਰਮੰਦ ਹਨ। ਅਸੀਂ ਰਿਸ਼ਭ ਪੰਤ ਦੇ ਨਾਲ ਬਣੇ ਹੋਏ ਹਾਂ ਕਿਉਂਕਿ ਇਹੋ ਉਹ ਫਾਰਮੈਟ ਹੈ ਜਿਸ ਨੇ ਉਨ੍ਹਾਂ ਨੂੰ ਅਲਗ ਪਛਾਣ ਦਿਵਾਈ ਹੈ।
ਭਾਰਤੀ ਕਪਤਾਨ ਨੇ ਸਾਫ ਕੀਤਾ ਕਿ ਟੀਮ ਇੰਡੀਆ 'ਚ ਬਦਲ ਬਹੁਤ ਹਨ। ਉਨ੍ਹਾਂ ਸਾਰਿਆਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਦੀ ਜ਼ਰੂਰਤ ਹੈ। ਤਾਂ ਜੋ ਉਨ੍ਹਾਂ ਸਾਰਿਆਂ ਦਾ ਬਿਹਤਰੀਨ ਖੇਡ ਸਾਨੂੰ ਦੇਖਣ ਨੂੰ ਮਿਲੇ। ਰੋਹਿਤ ਨੇ ਇਹ ਵੀ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਅਤੇ ਕੌਮਾਂਤਰੀ ਕ੍ਰਿਕਟ 'ਚ ਫਰਕ ਹੁੰਦਾ ਹੈ। ਦੋਹਾਂ 'ਚ ਅਲਗ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਿਸ਼ਭ ਪੰਤ ਦਿੱਲੀ ਵੱਲੋਂ ਰਣਜੀ ਕ੍ਰਿਕਟ ਖੇਡਦੇ ਹਨ ਅਤੇ ਇਹੋ ਉਨ੍ਹਾਂ ਦਾ ਹੋਮ ਗ੍ਰਾਊਂਡ ਹੈ। ਬੰਗਲਾਦੇਸ਼ ਖਿਲਾਫ ਪਹਿਲਾ ਟੀ-20 ਮੁਕਾਬਲਾ ਦਿੱਲੀ 'ਚ ਹੀ ਖੇਡਿਆ ਜਾਣਾ ਹੈ। ਇੰਡੀਅਨ ਪ੍ਰੀਮੀਅਰ ਲੀਗ 'ਚ ਵੀ ਪੰਤ ਦਿੱਲੀ ਦੀ ਫ੍ਰੈਂਚਾਈਜ਼ੀ ਟੀਮ ਦਾ ਹੀ ਹਿੱਸਾ ਹੈ। ਉਨ੍ਹਾਂ ਨੂੰ ਖਰਾਬ ਫਾਰਮ ਅਤੇ ਤਜਰਬੇ ਦੀ ਕਮੀ ਦੀ ਵਜ੍ਹਾ ਨਾਲ ਸਾਊਥ ਅਫਰੀਕਾ ਖਿਲਾਫ ਟੈਸਟ ਮੈਚ 'ਚ ਪਲੇਇੰਗ ਇਲੈਵਨ 'ਚੋਂ ਬਾਹਰ ਰਖਿਆ ਗਿਆ ਸੀ।