ਫੈਡਰਰ ਨੇ 10ਵੀਂ ਵਾਰ ਹਾਲੇ ਖਿਤਾਬ ਜਿੱਤਿਆ
Monday, Jun 24, 2019 - 11:28 AM (IST)

ਸਪੋਰਟਸ ਡੈਸਕ— ਸਵਿਸ ਸਟਾਰ ਖਿਡਾਰੀ ਰੋਜਰ ਫੈਡਰਰ ਨੇ ਐਤਵਾਰ ਨੂੰ ਇੱਥੇ ਬੈਲਜੀਅਮ ਦੇ ਡੇਵਿਡ ਗੋਫਿਨ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਹਾਲੇ ਏ.ਟੀ.ਪੀ. ਟੂਰਨਾਮੈਂਟ 'ਚ ਰਿਕਾਰਡ 10ਵਾਂ ਖਿਤਾਬ ਆਪਣੇ ਨਾਂ ਕੀਤਾ ਜਿਸ ਨਾਲ ਵਿੰਬਲਡਨ ਤੋਂ ਪਹਿਲਾਂ ਉਨ੍ਹਾਂ ਦੇ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ। 37 ਸਾਲਾ ਫੈਡਰਰ ਨੇ ਗੋਫਿਨ ਨੂੰ 7-6, 6-1 ਨਾਲ ਹਰਾ ਕੇ ਆਪਣੇ ਕਰੀਅਰ ਦਾ 102ਵਾਂ ਸਿੰਗਲ ਖਿਤਾਬ ਜਿੱਤਿਆ।
ਫੈਡਰਰ ਨੇ ਕਿਹਾ, ''ਇਹ ਵਿਸ਼ਵਾਸ ਤੋਂ ਪਰ੍ਹੇ ਹੈ। ਜਦੋਂ ਮੈਂ ਪਹਿਲੀ ਵਾਰ ਇੱਥੇ ਖੇਡਿਆ ਸੀ ਤਾਂ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਇੱਥੇ 10 ਖਿਤਾਬ ਜਿਤਾਂਗਾ।'' ਅਗਲੇ ਮਹੀਨੇ ਨੌਵੇਂ ਵਿੰਬਲਡਨ ਖਿਤਾਬ ਦੀ ਕੋਸ਼ਿਸ਼ 'ਚ ਲੱਗੇ ਫੈਡਰਰ ਆਪਣੇ ਰਿਕਾਰਡ 20 ਕਰੀਅਰ ਗ੍ਰੈਂਡਸਲੈਮ ਖਿਤਾਬ 'ਚ ਵਾਧਾ ਕਰਨਾ ਚਾਹੁਣਗੇ। ਸ਼ਨੀਵਾਰ ਨੂੰ ਸੈਮੀਫਾਈਨਲ 'ਚ ਉਨ੍ਹਾਂ ਨੇ ਪੀਅਰੇ ਹਿਊਜੇਸ ਬਰਬਰਟ ਨੂੰ 6-3, 6-3 ਨਾਲ ਹਰਾ ਕੇ 13ਵੀਂ ਵਾਰ ਹਾਲੇ ਏ.ਟੀ.ਪੀ. ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ।