ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ
Friday, Nov 12, 2021 - 07:59 PM (IST)
ਦੁਬਈ- ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਆਸਟਰੇਲੀਆ ਵਿਰੁੱਧ ਦੂਜੇ ਸੈਮੀਫਾਈਨਲ ਤੋਂ ਪਹਿਲਾਂ ਦੁਬਈ ਦੇ ਮਿਡਯੋਰ ਹਸਪਤਾਲ ’ਚ 36 ਘੰਟੇ ਬਿਤਾਏ ਸਨ। ਪਾਕਿਸਤਾਨੀ ਟੀਮ ਦੇ ਡਾਕਟਰ ਨੇ ਕਿਹਾ ਹੈ ਕਿ ਉਸ ਦੀ ਛਾਤੀ ’ਚ ਇਨਫੈਕਸ਼ਨ ਸੀ। ਵੀਰਵਾਰ ਨੂੰ ਰਿਜ਼ਵਾਨ ਨੇ 67 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਪਾਕਿਸਤਾਨ 176 ਦੇ ਸਕੋਰ ਤੱਕ ਪਹੁੰਚ ਸਕਿਆ। ਹਾਲਾਂਕਿ ਉਸ ਦਾ ਇਹ ਯਤਨ ਬੇਕਾਰ ਰਿਹਾ ਤੇ ਪਾਕਿਸਤਾਨ 5 ਵਿਕਟਾਂ ਨਾਲ ਮੈਚ ਹਾਰ ਕੇ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ। ਟੀਮ ਡਾਕਟਰ ਨਜੀਬੁੱਲਾ ਸੂਮਰੋ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 9 ਨਵੰਬਰ ਤੋਂ ਹੀ ਸੀਨੇ ’ਚ ਜਕੜਨ ਮਹਿਸੂਸ ਹੋ ਰਹੀ ਸੀ।
ਹਾਲਤ ਸਹੀ ਨਾ ਹੋਣ ’ਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਨਾ ਪਿਆ। ਉਸ ਨੂੰ ਇਸ ਤੋਂ ਠੀਕ ਹੋਣ ਲਈ 2 ਰਾਤਾਂ ਆਈ. ਸੀ. ਯੂ. ਵਿਚ ਬਿਤਾਉਣੀਆਂ ਪਈਆਂ। ਹਾਲਾਂਕਿ ਹੈਰਾਨੀਜਨਕ ਰੂਪ ਨਾਲ ਉਹ ਮੈਚ ਤੋਂ ਪਹਿਲਾਂ ਫਿੱਟ ਹੋ ਗਿਆ ਜੋ ਉਸ ਦੀ ਦ੍ਰਿੜਤਾ ਨੂੰ ਦਿਖਾਉਂਦਾ ਹੈ। ਉਸ ਨੇ ਕਿਹਾ ਕਿ ਇਹ ਪੂਰੀ ਟੀਮ ਮੈਨੇਜਮੈਂਟ ਦਾ ਫੈਸਲਾ ਸੀ ਕਿ ਇਸ ਖਬਰ ਨੂੰ ਮੈਚ ਤੋਂ ਪਹਿਲਾਂ ਸਾਹਮਣੇ ਨਾ ਆਉਣ ਦਿੱਤਾ ਜਾਵੇ। ਰਿਜ਼ਵਾਨ ਦੀ ਇਸ ਗੰਭੀਰ ਹਾਲਤ ਬਾਰੇ ਉਦੋਂ ਪਤਾ ਲੱਗਾ ਜਦੋਂ ਟੀਮ ਬੱਲੇਬਾਜ਼ੀ ਸਲਾਹਕਾਰ ਮੈਥਿਊ ਹੇਡਨ ਨੇ ਮੈਚ ਦੌਰਾਨ ਬ੍ਰਾਡਕਾਸਟਰ ਨਾਲ ਗੱਲ ਕੀਤੀ ਅਤੇ ਇਸ ਦੀ ਜਾਣਕਾਰੀ ਦਿੱਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।