ਰਿਤਿਕਾ ਹੁੱਡਾ ਨੇ ਮਹਿਲਾਵਾਂ ਦੀ 76 ਕਿ. ਗ੍ਰਾ. ਫ੍ਰੀ ਸਟਾਈਲ ’ਚ ਜਿੱਤਿਆ ਸੋਨਾ
Monday, Jun 02, 2025 - 02:29 PM (IST)

ਓਲਾਨਬਟਾਰ– ਓਲਾਨਬਟਾਰ ਓਪਨ 2025 ਰੈਸਲਿੰਗ ਸੀਰੀਜ਼ ਵਿਚ ਭਾਰਤ ਦੀ ਰਿਤਿਕਾ ਹੁੱਡਾ ਨੇ ਮਹਿਲਾਵਾਂ ਦੀ 76 ਕਿ. ਗ੍ਰਾ. ਫ੍ਰੀ ਸਟਾਈਲ ਸ਼੍ਰੇਣੀ ਵਿਚ ਸੋਨ ਤਮਗਾ ਜਿੱਤਿਆ। ਪੈਰਿਸ 2024 ਓਲੰਪਿਕ ਵਿਚ ਹਿੱਸਾ ਲੈਣ ਵਾਲੀ 22 ਸਾਲਾ ਭਾਰਤੀ ਪਹਿਲਵਾਨ ਰਿਤਿਕਾ ਨੇ ਨਾਰਡਿਕ ਸਿਸਟਮ ਵਿਚ 3-0 ਦੇ ਪ੍ਰਫੈਕਟ ਰਿਕਾਰਡ ਦੇ ਨਾਲ ਜਿੱਤ ਹਾਸਲ ਕੀਤੀ, ਜਿਸਦੀ ਸਮਾਪਤੀ ਆਖਰੀ ਪੂਲ ਮੈਚ ਵਿਚ ਘਰੇਲੂ ਪਸੰਦੀਦਾ ਤੇ ਐਨਖ-ਅਮਰਿਨ ਦਾਵਾਨਾਸਨ ਵਿਰੁੱਧ 5-2 ਨਾਲ ਜਿੱਤ ਦੇ ਨਾਲ ਹੋਈ। ਇਸ ਦਿਨ ਭਾਰਤ ਨੇ ਆਪਣੇ ਖਾਤੇ ਵਿਚ 4 ਹੋਰ ਤਮਗੇ ਜੋੜੇ।
ਦੀਪਕ ਪੂਨੀਆ ਨੇ ਲਗਾਤਾਰ ਤਿੰਨ ਜਿੱਤਾਂ ਦੇ ਨਾਲ ਧਮਾਕੇਦਾਰ ਸ਼ੁਰੂਆਤ ਕੀਤੀ, ਜਿਸ ਵਿਚ ਮੰਗੋਲੀਆ ਦੇ ਡੇਮਚਿਗਦੋਰ ਤੁਮੁਰਬਾਟਰ ’ਤੇ 10-0 ਦੀ ਤਕਨੀਕੀ ਸ੍ਰੇਸ਼ਠਤਾ ਤੇ ਬੈਟ ਐਡਰੀਨ ਬਯਾਮਬਾਸੁਰੇਨ ’ਤੇ 4-1 ਦੇ ਸਖਤ ਮੁਕਾਬਲੇ ਵਿਚ ਜਿੱਤ ਸ਼ਾਮਲ ਹੈ। ਹਾਲਾਂਕਿ ਸੱਟ ਕਾਰਨ ਉਸ ਨੂੰ ਅਸਕਾਬ ਸਾਦਲਾਏਵ ਵਿਰੁੱਧ ਆਪਣੇ ਆਖਰੀ ਮੈਚ ਵਿਚੋਂ ਹਟਣ ਕਾਰਨ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
74 ਕਿ. ਗ੍ਰਾ. ਵਿਚ ਪ੍ਰਤੀਯੋਗਿਤਾ ਕਰ ਰਿਹਾ ਜੈਦੀਪ ਸੈਮੀਫਾਈਨਲ ਵਿਚ ਈਰਾਨ ਦੇ ਯੋਨੇਸ ਇਮਾਮੀ ਹੱਥੋਂ 5-3 ਨਾਲ ਹਾਰ ਗਿਆ। ਕਾਂਸੀ ਤਮਗੇ ਦੇ ਮੁਕਾਬਲੇ ਵਿਚ ਮੰਗੋਲੀਆ ਦੇ ਤੁਗਸਜਾਰਗਲ ਐਡਰੇਨੇਬੈਟ ਨੂੰ ਹਰਾਇਆ। ਇਸ ਵਿਚਾਲੇ ਸਿਕਸ਼ਾ ਤੇ ਪੁਸ਼ਪਾ ਦੋਵਾਂ ਨੇ ਆਪਣੇ-ਆਪਣੇ ਵਰਗ ਵਿਚ ਚਾਂਦੀ ਤਮਗੇ ਜਿੱਤੇ।
ਕੁਸ਼ਤੀ ਟੂਰਨਾਮੈਂਟ ਵਿਚ ਹੁਣ ਭਾਰਤ ਦੇ ਤਮਗਿਆਂ ਦੀ ਗਿਣਤੀ 17 ਹੋ ਗਈ ਹੈ। ਭਾਰਤ ਨੇ 6 ਸੋਨ, 6 ਚਾਂਦੀ ਤੇ 5 ਕਾਂਸੀ ਤਮਗੇ ਜਿੱਤੇ ਹਨ।