ਤ੍ਰਿਸਾ ਦੀ ਸੱਟ ਕਾਰਨ ਮਹਿਲਾ ਡਬਲਜ਼ ਜੋੜੀ ਉਬੇਰ ਕੱਪ ਫਾਈਨਲ ਤੋਂ ਹਟੀ
Saturday, Apr 18, 2026 - 10:57 AM (IST)
ਨਵੀਂ ਦਿੱਲੀ- ਭਾਰਤ ਦੀ ਤ੍ਰਿਸਾ ਜੌਲੀ ਦੀ ਗਿੱਟੇ ਦੀ ਸੱਟ ਕਾਰਨ ਉਸ ਦੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਨੇ ਅਗਲੇ ਉਬੇਰ ਕੱਪ ਫਾਈਨਲਜ਼ ਤੋਂ ਹਟਣ ਦਾ ਫੈਸਲਾ ਕੀਤਾ। ਇਸ ਨਾਲ ਡੈਨਮਾਰਕ ’ਚ ਭਾਰਤ ਦੀ ਮੁਹਿੰਮ ਨੂੰ ਕਰਾਰਾ ਝਟਕਾ ਲੱਗਾ। ਭਾਰਤ 24 ਅਪ੍ਰੈਲ ਤੋਂ 3 ਮਈ ਤੱਕ ਡੈਨਮਾਰਕ ਦੇ ਹੋਰਸੇਂਸ ’ਚ ਹੋਣ ਵਾਲੇ ਥਾਮਸ ਅਤੇ ਉਬੇਰ ਕੱਪ ਫਾਈਨਲਜ਼ ’ਚ ਹਿੱਸਾ ਲਵੇਗਾ।
ਭਾਰਤੀ ਡਬਲਜ਼ ਕੋਚ ਬੀ ਸੁਮਿਤ ਰੈੱਡੀ ਨੇ ਪੀ. ਟੀ. ਆਈ. ਨੂੰ ਕਿਹਾ, ‘‘ਦੁਖਦਾਈ ਹੈ ਕਿ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਲਈ ਰਵਾਨਾ ਹੋਣ ਤੋਂ ਸਿਰਫ 2-3 ਦਿਨ ਪਹਿਲਾਂ ਤ੍ਰਿਸਾ ਦਾ ਗਿੱਟਾ ਮੁੜ ਗਿਆ। ਟ੍ਰੇਨਿੰਗ ਦੌਰਾਨ ਇਹ ਹਾਦਸਾ ਹੋਇਆ, ਜਦੋਂ ਉਸ ਦਾ ਪੈਰ ਆਪਣੀ ਜੋੜੀਦਾਰ ਦੇ ਪੈਰ ’ਤੇ ਪੈ ਗਿਆ। ਉਹ ਹੁਣ ਆਰਾਮ ਕਰ ਰਹੀ ਹੈ ਅਤੇ ‘ਰੀਹੈਬਲੀਟੇਸ਼ਨ’ ਕਰੇਗੀ। ਇਹ ਵੱਡੀ ਸੱਟ ਨਹੀਂ ਹੈ, 4 ਹਫਤਿਆਂ ’ਚ ਇਹ ਠੀਕ ਹੋ ਜਾਣੀ ਚਾਹੀਦੀ ਹੈ। ਉਹ ਮਈ ਦੇ ਅਖੀਰ ’ਚ ਹੋਣ ਵਾਲੇ ਸਿੰਗਾਪੁਰ ਓਪਨ ’ਚ ਵਾਪਸੀ ਦੀ ਕੋਸ਼ਿਸ਼ ਕਰੇਗੀ।’’
ਤ੍ਰਿਸਾ ਦੇ ਮੋਢੇ ਦੀ ਵਜ੍ਹਾ ਨਾਲ ਪਿਛਲੇ ਮਹੀਨੇ ਵੀ ਇਹ ਭਾਰਤੀ ਜੋੜੀ ਸਵਿਸ ਓਪਨ ਤੋਂ ਹਟ ਗਈ ਸੀ। ਬਾਸੇਲ ’ਚ ਪਹਿਲੇ ਦੌਰ ਦੇ ਸ਼ੁਰੂਆਤੀ ਗੇਮ ’ਚ ਇਹ ਜੋੜੀ ਚੀਨੀ ਤਾਇਪੇ ਦੀ ਹੂ ਲਿੰਗ ਫਾਂਗ ਅਤੇ ਝੇਂਗ ਯੂ ਚੀਏਹ ਦੀ ਜੋੜੀ ਤੋਂ ਪੱਛੜ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਰਿਟਾਇਰ ਹੋਣਾ ਪਿਆ।
