ਕੋਚ ਨੇ ਕੀਤਾ ਮਾਨਸਿਕ ਪ੍ਰੇਸ਼ਾਨ ਤੇ ਪਰਿਵਾਰ ਨੂੰ ਕੱਢੀਆਂ ਗਾਲ੍ਹਾਂ, ਨੀਰਜ ਚੋਪੜਾ ਤੇ ਸੁਮਿਤ ਅੰਤਿਲ ਨੇ ਲਾਏ ਗੰਭੀਰ ਇਲਜ਼ਾਮ

Friday, Apr 17, 2026 - 11:36 PM (IST)

ਕੋਚ ਨੇ ਕੀਤਾ ਮਾਨਸਿਕ ਪ੍ਰੇਸ਼ਾਨ ਤੇ ਪਰਿਵਾਰ ਨੂੰ ਕੱਢੀਆਂ ਗਾਲ੍ਹਾਂ, ਨੀਰਜ ਚੋਪੜਾ ਤੇ ਸੁਮਿਤ ਅੰਤਿਲ ਨੇ ਲਾਏ ਗੰਭੀਰ ਇਲਜ਼ਾਮ

ਨਵੀਂ ਦਿੱਲੀ : ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਅਤੇ ਪੈਰਾਲੰਪਿਕ ਸੋਨ ਤਗਮਾ ਜੇਤੂ ਸੁਮਿਤ ਅੰਤਿਲ ਨੇ ਦ੍ਰੋਣਾਚਾਰੀਆ ਪੁਰਸਕਾਰ ਜੇਤੂ ਕੋਚ ਨਵਲ ਸਿੰਘ 'ਤੇ ਮਾਨਸਿਕ ਉਤਪੀੜਨ ਅਤੇ ਗਾਲੀ-ਗਲੋਚ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪੈਰਾਲੰਪਿਕ ਖਿਡਾਰੀ ਸੁਮਿਤ ਅੰਤਿਲ ਨੇ ਇਸ ਮਾਮਲੇ ਦੀ ਰਸਮੀ ਸ਼ਿਕਾਇਤ ਭਾਰਤੀ ਖੇਡ ਅਥਾਰਟੀ (SAI) ਕੋਲ ਦਰਜ ਕਰਵਾਈ ਹੈ।

ਸੁਮਿਤ ਅੰਤਿਲ ਦਾ ਦੋਸ਼ ਹੈ ਕਿ ਕੋਚ ਨਵਲ ਸਿੰਘ ਲਗਾਤਾਰ ਉਨ੍ਹਾਂ ਨੂੰ ਅਤੇ ਨੀਰਜ ਚੋਪੜਾ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੇ ਸਨ ਅਤੇ ਕਈ ਵਾਰ ਉਨ੍ਹਾਂ ਦੇ ਪਰਿਵਾਰਾਂ ਬਾਰੇ ਵੀ ਅਪਸ਼ਬਦ ਬੋਲੇ ਗਏ ਹਨ। ਸੁਮਿਤ ਨੇ ਨਿਊਜ਼ ਏਜੰਸੀ ਪੀ.ਟੀ.ਆਈ. ਨੂੰ ਦੱਸਿਆ ਕਿ ਕੋਚ ਅਕਸਰ ਗੁੱਸੇ ਅਤੇ ਗਾਲੀ-ਗਲੋਚ ਵਾਲੇ ਆਡੀਓ ਰਿਕਾਰਡ ਕਰਦੇ ਸਨ ਅਤੇ ਉਨ੍ਹਾਂ ਨੂੰ ਖਿਡਾਰੀਆਂ ਦੇ ਮੈਨੇਜਰਾਂ ਨੂੰ ਭੇਜਦੇ ਸਨ। ਉਨ੍ਹਾਂ ਮੁਤਾਬਕ ਕੋਚ ਮਾਨਸਿਕ ਤੌਰ 'ਤੇ ਅਸਥਿਰ ਲੱਗਦੇ ਹਨ ਅਤੇ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਉਨ੍ਹਾਂ ਨੇ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ।

ਇਸ ਸ਼ਿਕਾਇਤ ਦਾ ਨੀਰਜ ਚੋਪੜਾ ਤੋਂ ਇਲਾਵਾ ਖਿਡਾਰੀ ਨਵਦੀਪ ਸਿੰਘ ਅਤੇ ਸੰਦੀਪ ਚੌਧਰੀ ਨੇ ਵੀ ਸਮਰਥਨ ਕੀਤਾ ਹੈ। SAI ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਹ ਇਸ ਮਾਮਲੇ ਨੂੰ ਭਾਰਤੀ ਐਥਲੈਟਿਕਸ ਮਹਾਸੰਘ (AFI) ਕੋਲ ਉਠਾ ਰਹੇ ਹਨ। ਹਾਲਾਂਕਿ, SAI ਨੇ ਸਪੱਸ਼ਟ ਕੀਤਾ ਹੈ ਕਿ ਨਵਲ ਸਿੰਘ ਉਨ੍ਹਾਂ ਦਾ ਸਥਾਈ ਕਰਮਚਾਰੀ ਨਹੀਂ ਹੈ ਪਰ ਉਹ ਰਾਸ਼ਟਰੀ ਕੈਂਪ ਨਾਲ ਜੁੜਿਆ ਹੋਇਆ ਹੈ।

ਸੁਮਿਤ ਅੰਤਿਲ ਨੇ ਇਹ ਵੀ ਦਾਅਵਾ ਕੀਤਾ ਕਿ ਪਹਿਲੀ ਸੁਣਵਾਈ ਦੌਰਾਨ TOPS (ਟਾਰਗੇਟ ਓਲੰਪਿਕ ਪੋਡੀਅਮ ਸਕੀਮ) ਦੇ ਅਧਿਕਾਰੀਆਂ ਨੇ ਸਮਝੌਤਾ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸ਼ਿਕਾਇਤ ਦੇ ਇੱਕ ਹਫ਼ਤੇ ਬਾਅਦ ਵੀ ਕੋਈ ਰਸਮੀ ਜਵਾਬ ਨਹੀਂ ਮਿਲਿਆ ਹੈ। ਸੁਮਿਤ ਨੇ ਸਵਾਲ ਉਠਾਇਆ ਕਿ ਕੋਚ ਸ਼ਾਇਦ ਇਸ ਲਈ ਅਜਿਹਾ ਕਰ ਰਹੇ ਹਨ ਤਾਂ ਜੋ ਨੀਰਜ ਚੋਪੜਾ ਦੇ ਮੁਕਾਬਲੇ ਉਨ੍ਹਾਂ ਦਾ ਆਪਣਾ ਸਿਖਿਆਰਥੀ ਸਚਿਨ ਯਾਦਵ ਬਿਹਤਰ ਪ੍ਰਦਰਸ਼ਨ ਕਰ ਸਕੇ। ਜ਼ਿਕਰਯੋਗ ਹੈ ਕਿ ਨਵਲ ਸਿੰਘ ਨੂੰ ਸਾਲ 2015 ਵਿੱਚ ਦ੍ਰੋਣਾਚਾਰੀਆ ਪੁਰਸਕਾਰ ਮਿਲਿਆ ਸੀ।


 


author

Inder Prajapati

Content Editor

Related News