ਪੰਜਾਬ ਸਟੇਟ ਜੂਨੀਅਰ ਕਿੱਕ ਬਾਕਸਿੰਗ ''ਚ ਜਿੰਦਲ ਸਕੂਲ ਦੇ ਖਿਡਾਰੀਆਂ ਦੀ ਬੱਲੇ-ਬੱਲੇ, ਜਿੱਤੇ ਸੋਨੇ ਤੇ ਚਾਂਦੀ ਦੇ ਤਮਗੇ
Monday, Apr 20, 2026 - 03:51 AM (IST)
ਬੁਢਲਾਡਾ (ਬਾਂਸਲ) : ਪੰਜਾਬ ਸਟੇਟ ਯੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2026 ਨਵਾਂਸ਼ਹਿਰ 'ਚ ਜਿੰਦਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰਾਜ ਪੱਧਰ ’ਤੇ ਰੌਸ਼ਨ ਕਰ ਦਿੱਤਾ। ਇਸ ਮੁਕਾਬਲੇ ਵਿੱਚ ਸੂਬੇ ਭਰ ਤੋਂ ਆਏ ਹੋਏ ਖਿਡਾਰੀਆਂ ਵਿਚਕਾਰ ਸਖਤ ਟੱਕਰ ਦੇ ਬਾਵਜੂਦ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਦਲੇਰੀ, ਅਨੁਸ਼ਾਸਨ ਅਤੇ ਉੱਚ ਦਰਜੇ ਦੀ ਤਿਆਰੀ ਦਾ ਲੋਹਾ ਮੰਨਵਾਇਆ।
ਮੁਕਾਬਲਿਆਂ ਦੌਰਾਨ ਸਕੂਲ ਦੇ ਹੋਣਹਾਰ ਖਿਡਾਰੀ ਅਰਮਨਦੀਪ ਸਿੰਘ ਨੇ 75 ਕਿਲੋ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਮ ਕੀਤਾ। ਉਸਦੀ ਫੁਰਤੀ, ਤਕਨੀਕੀ ਹੁਨਰ ਅਤੇ ਆਤਮਵਿਸ਼ਵਾਸ ਨੇ ਦਰਸ਼ਕਾਂ ਅਤੇ ਜੱਜਾਂ ਨੂੰ ਖਾਸ ਤੌਰ ’ਤੇ ਪ੍ਰਭਾਵਿਤ ਕੀਤਾ। ਇਸੇ ਤਰ੍ਹਾਂ ਗੁਲਾਬ ਸਿੰਘ 81 ਕਿਲੋ ਭਾਰ ਵਰਗ ਵਿੱਚ ਬੇਮਿਸਾਲ ਖੇਡ ਦਿਖਾਉਂਦਿਆਂ ਸੋਨੇ ਦਾ ਤਮਗਾ ਜਿੱਤ ਕੇ ਸਕੂਲ ਦੀ ਝੋਲੀ ਵਿੱਚ ਇੱਕ ਹੋਰ ਕਾਮਯਾਬੀ ਪਾਈ। ਉਧਰ ਸਾਹਿਬਜੋਤ ਸਿੰਘ ਨੇ 67 ਕਿਲੋ ਭਾਰ ਵਰਗ ਵਿੱਚ ਆਪਣੀ ਜ਼ਬਰਦਸਤ ਲੜਾਕੂ ਖੇਡ ਨਾਲ ਸਿਲਵਰ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ। ਇਨ੍ਹਾਂ ਕਾਮਯਾਬੀਆਂ ਨਾਲ ਸਕੂਲ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਬਣ ਗਿਆ। ਜਿੱਤ ਦੀ ਖ਼ਬਰ ਮਿਲਦੇ ਹੀ ਸਕੂਲ ਪਰਿਵਾਰ ਵੱਲੋਂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤਿਆਂ ਅਤੇ ਤਾਲੀਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਵਾਈਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਰੁਪਏ ਦਾ ਨੁਕਸਾਨ
ਇਸ ਮੌਕੇ ਬੋਲਦੇ ਹੋਏ ਸਕੂਲ ਦੇ ਚੇਅਰਮੈਨ ਪ੍ਰਦੀਪ ਜਿੰਦਲ ਅਤੇ ਚੇਅਰਮੈਨ ਨਿਸ਼ਾਂਤ ਜੈਨ ਨੇ ਕਿਹਾ ਕਿ ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ, ਅਟੱਲ ਹੌਂਸਲੇ ਅਤੇ ਅਧਿਆਪਕਾਂ ਦੀ ਸੰਪੂਰਨ ਰਹਿਨੁਮਾਈ ਦਾ ਨਤੀਜਾ ਹਨ। ਉਨ੍ਹਾਂ ਨੇ ਕਿਹਾ ਕਿ ਜਿੰਦਲ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਹੀ ਨਹੀਂ, ਸਗੋਂ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਪੂਰੀ ਤਰ੍ਹਾਂ ਪ੍ਰੇਰਿਤ ਕਰਦਾ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਦੀ ਉਮੀਦ ਕੀਤੀ ਜਾਂਦੀ ਹੈ। ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਢੀਂਡਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਫਲਤਾ ਸਾਰੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹੈ ਅਤੇ ਇਹ ਦੱਸਦੀ ਹੈ ਕਿ ਲਗਨ ਅਤੇ ਸਹੀ ਦਿਸ਼ਾ ਵਿੱਚ ਕੀਤੀ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ। ਉਨ੍ਹਾਂ ਨੇ ਖਿਡਾਰੀਆਂ ਦੇ ਚਮਕਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ। ਇਸ ਮੌਕੇ ਕੋਆਰਡੀਨੇਟਰ ਮੈਡਮ ਕਿਰਨ ਮਠਾੜੂ ਸਮੇਤ ਸਮੂਹ ਅਧਿਆਪਕ, ਸਟਾਫ ਅਤੇ ਵਿਦਿਆਰਥੀ ਮੌਜੂਦ ਰਹੇ ਅਤੇ ਸਾਰੇ ਨੇ ਮਿਲ ਕੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ। ਇਹ ਵੀ ਕਾਬਿਲ ਤਾਰੀਫ਼ ਹੈ ਕਿ ਇਨ੍ਹਾਂ ਖਿਡਾਰੀਆਂ ਦੀ ਸਫਲਤਾ ਦੇ ਪਿੱਛੇ ਸਕੂਲ ਦੇ ਡੀ.ਪੀ.ਈ. ਅਧਿਆਪਕ ਕੁਲਦੀਪ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀ, ਜਿਨ੍ਹਾਂ ਦੀ ਸਖ਼ਤ ਮਿਹਨਤ, ਸਹੀ ਮਾਰਗਦਰਸ਼ਨ ਅਤੇ ਲਗਨ ਨਾਲ ਖਿਡਾਰੀਆਂ ਨੇ ਇਹ ਉੱਚ ਦਰਜੇ ਦੀ ਉਪਲਬਧੀ ਹਾਸਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
