3 ਘੰਟੇ ਤਕ ਚਲਿਆ ਰਿਸ਼ਭ ਪੰਤ ਦਾ ਆਪਰੇਸ਼ਨ ਰਿਹਾ ਸਫਲ, ਜਾਣੋ ਕਦੋਂ ਕਰਨਗੇ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ
Saturday, Jan 07, 2023 - 04:02 PM (IST)
ਨਵੀਂ ਦਿੱਲੀ— ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਗੋਡੇ ਦੀ ਮੁੰਬਈ ਦੇ ਇਕ ਹਸਪਤਾਲ 'ਚ ਸਫਲ ਸਰਜਰੀ ਹੋਈ। ਭਾਰਤੀ ਕ੍ਰਿਕਟ ਬੋਰਡ (BCCI) ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪੰਤ ਪਿਛਲੇ ਹਫ਼ਤੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਬਚ ਗਿਆ ਸੀ।
ਬੀਸੀਸੀਆਈ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, "ਰਿਸ਼ਭ ਪੰਤ ਦੇ ਗੋਡੇ ਦੇ ਲਿਗਾਮੈਂਟ ਦੀ ਸਰਜਰੀ ਸ਼ੁੱਕਰਵਾਰ ਨੂੰ ਕੀਤੀ ਗਈ। ਇਹ ਸਰਜਰੀ ਸਫਲ ਰਹੀ। ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਰਹੇਗਾ।" ਇਹ ਸਰਜਰੀ ਮੁੰਬਈ ਦੇ ਅੰਧੇਰੀ ਵੈਸਟ ਸਥਿਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਸੈਂਟਰ ਫਾਰ ਸਪੋਰਟਸ ਮੈਡੀਸਨ ਦੇ ਮੁਖੀ ਅਤੇ 'ਆਰਥਰੋਸਕੋਪੀ ਐਂਡ ਸ਼ੋਲਡਰ ਸਰਵਿਸ' ਦੇ ਨਿਰਦੇਸ਼ਕ ਡਾ. ਪਰਦੀਵਾਲਾ ਦੀ ਨਿਗਰਾਨੀ ਹੇਠ ਕੀਤੀ ਗਈ। ਡਾ. ਪਾਰਦੀਵਾਲਾ ਅਤੇ ਉਨ੍ਹਾਂ ਦੀ ਟੀਮ ਨੇ ਸਵੇਰੇ 10.30 ਵਜੇ ਦੇ ਕਰੀਬ ਪੰਤ ਦਾ ਆਪਰੇਸ਼ਨ ਕੀਤਾ ਜੋ 2 ਤੋਂ 3 ਘੰਟੇ ਤਕ ਚਲਿਆ।
ਇਹ ਵੀ ਪੜ੍ਹੋ : ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਇਸ ਟੂਰਨਾਮੈਂਟ 'ਚ ਖੇਡੇਗੀ ਆਖ਼ਰੀ ਵਾਰ
ਪੰਤ ਨੂੰ ਏਅਰ ਐਂਬੂਲੈਂਸ ਰਾਹੀਂ ਦੇਹਰਾਦੂਨ ਤੋਂ ਮੁੰਬਈ ਲਿਜਾਇਆ ਗਿਆ ਕਿਉਂਕਿ ਉਹ ਆਮ ਉਡਾਣ ਰਾਹੀਂ ਸਫਰ ਕਰਨ ਦੀ ਸਥਿਤੀ ਵਿੱਚ ਨਹੀਂ ਸੀ। ਪੰਤ 30 ਦਸੰਬਰ ਨੂੰ ਕਾਰ ਦੁਰਘਟਨਾ ਵਿੱਚ ਵਾਲ-ਵਾਲ ਬੱਚ ਗਿਆ ਸੀ। ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਜਿਵੇਂ ਹੀ ਪੰਤ ਕਾਰ 'ਚੋਂ ਬਾਹਰ ਨਿਕਲਿਆ ਤਾਂ ਕਾਰ ਨੂੰ ਪੂਰੀ ਤਰ੍ਹਾਂ ਨਾਲ ਅੱਗ ਲੱਗ ਗਈ।
ਪੰਤ ਨੂੰ ਠੀਕ ਹੋਣ 'ਚ ਕੁਝ ਮਹੀਨੇ ਲਗ ਸਕਦੇ ਹਨ। ਹਨ। ਉਹ ਕਰੀਬ ਛੇ ਤੋਂ ਅੱਠ ਹਫ਼ਤਿਆਂ ਤੱਕ ਹਸਪਤਾਲ ਵਿੱਚ ਰਹੇਗਾ ਅਤੇ ਉਸ ਦੇ ਇਲਾਜ ਦਾ ਸਾਰਾ ਖਰਚਾ ਬੀ.ਸੀ.ਸੀ.ਆਈ. ਅਦਾ ਕਰੇਗਾ। ਜ਼ਿਕਰਯੋਗ ਹੈ ਕਿ ਪੰਤ ਤਿੰਨਾਂ ਫਾਰਮੈਟਾਂ ਵਿੱਚ ਟੀਮ ਇੰਡੀਆ ਲਈ ਮਹੱਤਵਪੂਰਨ ਖਿਡਾਰੀ ਹਨ। ਉਹ ਇੱਕ ਅਜਿਹਾ ਖਿਡਾਰੀ ਹੈ ਜੋ ਵਿਸਫੋਟਕ ਬੱਲੇਬਾਜ਼ੀ ਵਿੱਚ ਮਾਹਰ ਹੈ। ਪੰਤ ਨੇ ਆਸਟ੍ਰੇਲੀਆ 'ਚ ਭਾਰਤੀ ਟੀਮ ਨੂੰ ਆਪਣੇ ਦਮ 'ਤੇ ਸੀਰੀਜ਼ ਜਿੱਤੀ ਸੀ। ਪੰਤ ਨੇ ਭਾਰਤ ਲਈ 33 ਟੈਸਟ ਮੈਚ, 30 ਵਨਡੇ ਅਤੇ 66 ਟੀ-20 ਮੈਚ ਖੇਡੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।