ਫ੍ਰੈਕਚਰ ਦੇ ਬਾਵਜੂਦ ਪੰਤ ਦੀ ਜੂਝਾਰੂ ਪਾਰੀ ; ਕ੍ਰਿਕਟ ਜਗਤ ''ਚ ਹਰ ਪਾਸੇ ਹੋ ਰਹੀ ''ਵਾਹ-ਵਾਹ''

Friday, Jul 25, 2025 - 01:53 PM (IST)

ਫ੍ਰੈਕਚਰ ਦੇ ਬਾਵਜੂਦ ਪੰਤ ਦੀ ਜੂਝਾਰੂ ਪਾਰੀ ; ਕ੍ਰਿਕਟ ਜਗਤ ''ਚ ਹਰ ਪਾਸੇ ਹੋ ਰਹੀ ''ਵਾਹ-ਵਾਹ''

ਸਪੋਰਟਸ ਡੈਸਕ- ਬੀਤੇ ਦਿਨ ਭਾਰਤ-ਇੰਗਲੈਂਡ ਲੜੀ ਦੇ ਚੌਥੇ ਮੈਚ ਦੇ ਦੂਜੇ ਦਿਨ ਭਾਰਤੀ ਧਾਕੜ ਰਿਸ਼ਭ ਪੰਤ ਪੈਰ 'ਚ ਫਰੈਕਚਰ ਹੋਣ ਦੇ ਬਾਵਜੂਦ ਵੀ ਇਕ ਯਾਦਗਾਰ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਗਏ। ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੇ ਦੂਜੇ ਦਿਨ ਲੱਤ ਦੀ ਸੱਟ ਦੇ ਬਾਵਜੂਦ ਰਿਸ਼ਭ ਪੰਤ ਦੀ ਦਲੇਰੀ ਭਰੀ ਪਾਰੀ ਨਾ ਸਿਰਫ ਉਨ੍ਹਾਂ ਦੀ ਭਾਵਨਾ ਨੂੰ ਦਰਸਾਉਂਦੀ ਹੈ ਬਲਕਿ ਉਨ੍ਹਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਮਹਾਨ 'ਟੀਮ ਮੈਨ' ਹਨ। 

ਪੰਤ ਨੇ ਦਸੰਬਰ 2022 ਵਿੱਚ ਇੱਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਬਾਵਜੂਦ, ਮੁਕਾਬਲੇ ਵਾਲੀ ਕ੍ਰਿਕਟ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਆਪਣੀ ਕਦੇ ਨਾ ਹਾਰ ਮੰਨਣ ਵਾਲੀ ਭਾਵਨਾ ਦਿਖਾਈ। ਉਨ੍ਹਾਂ ਨੇ 37 ਦੌੜਾਂ 'ਤੇ ਰਿਟਾਇਰ ਹਰਟ ਹੋਣ ਤੋਂ ਬਾਅਦ ਆਪਣੀ ਪਾਰੀ ਮੁੜ ਸ਼ੁਰੂ ਕੀਤੀ ਅਤੇ ਵੀਰਵਾਰ ਨੂੰ ਓਲਡ ਟ੍ਰੈਫੋਰਡ ਵਿਖੇ ਆਪਣੇ ਸੱਜੇ ਪੈਰ ਦੇ ਅੰਗੂਠੇ ਵਿੱਚ ਫ੍ਰੈਕਚਰ ਦੇ ਬਾਵਜੂਦ ਅਰਧ ਸੈਂਕੜਾ ਪੂਰਾ ਕੀਤਾ। 

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਆਪਣੀ ਵੈੱਬਸਾਈਟ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ, ਸ਼ਾਸਤਰੀ ਨੇ ਕਿਹਾ, "ਜੇਕਰ ਕਿਸੇ ਨੂੰ ਸ਼ੱਕ ਸੀ ਕਿ ਉਹ ਕਦੇ ਟੀਮ ਮੈਨ ਸੀ ਤਾਂ ਉਨ੍ਹਾਂ ਨੂੰ ਅੱਜ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ। ਅਜਿਹਾ ਕਰਨ ਲਈ ਜਨੂੰਨ ਤੋਂ ਵੀ ਕਿਤੇ ਵੱਧ ਹੌਸਲੇ ਦੀ ਲੋੜ ਹੁੰਦੀ ਹੈ। ਪੰਤ ਦਾ ਮੈਦਾਨ 'ਤੇ ਵਾਪਸ ਆਉਣਾ ਅਤੇ ਉਸ ਤੋਂ ਬਾਅਦ ਉਸ ਨੇ ਜੋ ਕੀਤਾ, ਉਹ ਬਹੁਤ ਖਾਸ ਸੀ। ਇੱਥੋਂ ਤੱਕ ਕਿ ਇੰਗਲੈਂਡ ਦੀ ਟੀਮ ਨੇ ਵੀ ਇਸ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਤੁਸੀਂ ਇਸ ਤਰ੍ਹਾਂ ਦਾ ਕੁਝ ਖਾਸ ਕਰਨ ਲਈ ਜਿਉਂਦੇ ਹੋ। ਤੁਸੀਂ ਇਸੇ ਲਈ ਖੇਡਦੇ ਹੋ। ਇਹੀ ਤੁਹਾਨੂੰ ਖਾਸ ਬਣਾਉਂਦਾ ਹੈ।" 

ਇਹ ਵੀ ਪੜ੍ਹੋ- ਟਰੰਪ ਦੇ ਗਲ਼ੇ ਦੀ ਹੱਡੀ ਬਣੀ Epstein Files ! ਜਾਣੋ ਆਖ਼ਿਰ ਕੀ ਹੈ ਪੂਰਾ ਮਾਮਲਾ

ਚੌਥੇ ਟੈਸਟ ਤੋਂ ਪਹਿਲਾਂ ਲਾਰਡਜ਼ ਟੈਸਟ ਦੌਰਾਨ ਵਿਕਟਕੀਪਿੰਗ ਕਰਦੇ ਸਮੇਂ ਪੰਤ ਦੀ ਉਂਗਲੀ 'ਤੇ ਸੱਟ ਲੱਗ ਗਈ ਸੀ। ਸ਼ਾਸਤਰੀ ਨੇ ਯਾਦ ਕਰਦਿਆਂ ਦੱਸਿਆ, "ਉਸ ਨੂੰ ਪੁੱਛਿਆ ਗਿਆ ਸੀ ਕਿ ਉਂਗਲੀ ਕਿਵੇਂ ਹੈ, ਕੀ ਤੁਸੀਂ ਖੇਡੋਗੇ, ਉਸ ਨੇ ਕਿਹਾ ਕਿ ਜੇ ਇਹ ਟੁੱਟ ਜਾਂਦੀ, ਤਾਂ ਵੀ ਮੈਂ ਖੇਡਦਾ।' ਇਹ ਦਰਸਾਉਂਦਾ ਹੈ ਕਿ ਉਸ ਨੇ ਕੀ ਕੀਤਾ ਹੈ। ਉਸ ਨੂੰ ਟੈਸਟ ਕ੍ਰਿਕਟ ਖੇਡਣਾ ਪਸੰਦ ਹੈ, ਉਸ ਨੂੰ ਆਪਣੇ ਦੇਸ਼ ਲਈ ਖੇਡਣਾ ਪਸੰਦ ਹੈ।" 

ਸਾਬਕਾ ਭਾਰਤੀ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਵੀਡੀਓ ਵਿੱਚ ਕਿਹਾ, "ਸਾਨੂੰ ਉਸ ਵਰਗੇ ਖਿਡਾਰੀਆਂ ਦੀ ਜ਼ਰੂਰਤ ਹੈ ਜੋ ਮੁਸ਼ਕਲ ਸਮੇਂ ਵਿੱਚ ਅੱਗੇ ਆ ਸਕਣ। ਉਸ ਨੇ ਇੰਨਾ ਦਰਦ ਸਹਿਣ ਦੇ ਬਾਵਜੂਦ ਇੰਨੀ ਹਿੰਮਤ ਅਤੇ ਜਨੂੰਨ ਦਿਖਾਇਆ। ਅਜਿਹਾ ਕਰਨਾ ਕਦੇ ਵੀ ਆਸਾਨ ਨਹੀਂ ਹੁੰਦਾ।" ਸਾਬਕਾ ਭਾਰਤੀ ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਕਿਹਾ, "ਇੱਕ ਗੱਲ ਪੱਕੀ ਹੈ ਕਿ ਇੰਗਲੈਂਡ ਰਿਸ਼ਭ ਪੰਤ ਨੂੰ ਪਸੰਦ ਕਰਦਾ ਹੈ। ਖੇਡ ਵਿੱਚ ਕੁਝ ਪਲ ਅਜਿਹੇ ਹੁੰਦੇ ਹਨ ਜੋ ਤੁਹਾਨੂੰ ਲੰਬੇ ਸਮੇਂ ਤੱਕ ਯਾਦ ਰਹਿੰਦੇ ਹਨ ਅਤੇ ਜਦੋਂ ਉਹ ਮੈਦਾਨ 'ਤੇ ਹੁੰਦਾ ਸੀ, ਤਾਂ ਅਜਿਹਾ ਲੱਗਦਾ ਸੀ ਕਿ ਉਹ ਪਲ ਲੰਬੇ ਸਮੇਂ ਤੱਕ ਯਾਦ ਰਹੇਗਾ।" 

ਪੰਤ ਨੇ ਜੋਫਰਾ ਆਰਚਰ ਦੀ ਗੇਂਦ 'ਤੇ ਮਿਡਵਿਕਟ 'ਤੇ ਛੱਕਾ ਲਗਾਇਆ ਅਤੇ ਫਿਰ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦੀ ਗੇਂਦ 'ਤੇ ਕਵਰ 'ਤੇ ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇੰਗਲੈਂਡ ਦੇ ਸਾਬਕਾ ਕ੍ਰਿਕਟਰ ਨਾਸਿਰ ਹੁਸੈਨ ਨੇ ਕਿਹਾ, "ਉਸ ਨੇ ਬਹੁਤ ਸਾਰੇ ਜੋਖਮ ਲਏ। ਉਸ ਕੋਲ ਪ੍ਰਤਿਭਾ ਹੈ, ਨਾਲ ਹੀ ਵੱਡਾ ਦਿਲ ਵੀ ਹੈ।" ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਐਥਰਟਨ ਨੇ ਕਿਹਾ, "ਪੰਤ ਨੇ ਇਸ ਲੜੀ ਵਿੱਚ ਬਹੁਤ ਕੁਝ ਦਿੱਤਾ ਹੈ। ਲੀਡਜ਼ ਵਿੱਚ ਦੋ ਸੈਂਕੜੇ, ਸ਼ਾਨਦਾਰ ਜਸ਼ਨ, ਲੈੱਗ ਸਾਈਡ 'ਤੇ ਸ਼ਾਟ ਮਾਰਨ ਲਈ ਬੱਲਾ ਸੁੱਟਣਾ ਅਤੇ ਹੁਣ ਇੱਕ ਲੱਤ ਵਿੱਚ ਫ੍ਰੈਕਚਰ ਹੋਣ ਦੇ ਬਾਵਜੂਦ ਅਰਧ ਸੈਂਕੜਾ ਬਣਾਉਣਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਇੱਕ ਮਕਸਦ ਨਾਲ ਬੱਲੇਬਾਜ਼ੀ ਕਰ ਰਿਹਾ ਸੀ।"

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News