ਮਾਂ ਘਰਾਂ 'ਚ ਮਾਂਜਦੀ ਸੀ ਭਾਂਡੇ, ਅੱਜ ਪੁੱਤਰ ਨੇ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ ਕਰ'ਤਾ ਚਿੱਤ
Saturday, Aug 23, 2025 - 02:22 PM (IST)

ਸਪੋਰਟਸ ਡੈਸਕ- ਦੱਖਣੀ ਅਫ਼ਰੀਕਾ ਨੇ ਆਸਟ੍ਰੇਲੀਆ ਦੇ ਘਰ ਵਿੱਚ ਉਸਨੂੰ ਹਰਾਕੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ‘ਚ 2-0 ਨਾਲ ਕਬਜ਼ਾ ਕਰ ਲਿਆ ਹੈ। ਦੂਜੇ ਵਨ ਡੇ ਮੈਚ ਵਿੱਚ ਮਹਿਮਾਨ ਟੀਮ ਨੇ ਕੰਗਾਰੂਆਂ ਨੂੰ ਦੌੜਾਂ ਰਨ ਨਾਲ ਹਰਾ ਦਿੱਤਾ ਅਤੇ ਇਸ ਨਾਲ ਦੱਖਣੀ ਅਫ਼ਰੀਕਾ ਨੇ ਲਗਾਤਾਰ ਪੰਜਵੀਂ ਵਨ ਡੇ ਸੀਰੀਜ਼ ਜਿੱਤ ਦਰਜ ਕੀਤੀ। ਇਸ ਜਿੱਤ ਦੇ ਹੀਰੋ 29 ਸਾਲਾ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਰਹੇ, ਜਿਨ੍ਹਾਂ ਨੇ 8.4 ਓਵਰਾਂ ਵਿੱਚ 42 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।
ਲੁੰਗੀ ਐਨਗਿਡੀ ਦਾ ਸਫ਼ਰ ਬਚਪਨ ਦੀ ਗਰੀਬੀ ਤੋਂ ਚੋਟੀ ਦੇ ਅੰਤਰਰਾਸ਼ਟਰੀ ਗੇਂਦਬਾਜ਼ ਬਣਨ ਤੱਕ ਕਾਫ਼ੀ ਪ੍ਰੇਰਣਾਦਾਇਕ ਰਿਹਾ ਹੈ। ਉਹ 29 ਮਾਰਚ 1996 ਨੂੰ ਡਰਬਨ ਦੇ ਨਟਾਲ ਸ਼ਹਿਰ ਵਿੱਚ ਜਨਮੇ ਸਨ। ਉਨ੍ਹਾਂ ਦੇ ਪਰਿਵਾਰ ਦੀ ਹਾਲਤ ਇੰਨੀ ਕਮਜ਼ੋਰ ਸੀ ਕਿ ਕ੍ਰਿਕਟ ਕਿੱਟ ਖਰੀਦਣ ਲਈ ਵੀ ਪੈਸੇ ਨਹੀਂ ਸਨ। ਉਨ੍ਹਾਂ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਬਰਤਨ ਮਾਂਜਦੀ ਸੀ, ਜਦਕਿ ਪਿਤਾ ਮਜ਼ਦੂਰੀ ਕਰਦੇ ਸਨ।
ਐਨਗਿਡੀ ਨੇ ਇਕ ਇੰਟਰਵਿਊ ਵਿੱਚ ਖੁਦ ਦੱਸਿਆ ਕਿ ਉਹ ਜਾਣਦੇ ਸਨ ਕਿ ਮਾਪੇ ਉਨ੍ਹਾਂ ਦੀਆਂ ਖ਼ਾਹਸ਼ਾਂ ਪੂਰੀ ਨਹੀਂ ਕਰ ਸਕਦੇ, ਇਸ ਲਈ ਉਹ ਕਦੇ ਵੀ ਜ਼ਿਆਦਾ ਮੰਗਾਂ ਨਹੀਂ ਕਰਦੇ ਸਨ। ਸਕੂਲ ਵਿੱਚ ਪੜ੍ਹਦੇ ਹੋਰ ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਕ੍ਰਿਕਟ ਕਿੱਟ ਦਿੱਤੇ, ਜਿਸ ਲਈ ਉਹ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਗੇ।
ਦੱਖਣੀ ਅਫ਼ਰੀਕਾ ਦੇ ਦੂਜੇ ਤੇਜ਼ ਗੇਂਦਬਾਜ਼ ਕਗੀਸੋ ਰਬਾਡਾ ਲੁੰਗੀ ਐਨਗਿਡੀ ਦੇ ਬਚਪਨ ਦੇ ਦੋਸਤ ਹਨ। ਦੋਵੇਂ ਸਕੂਲ ਦੇ ਦਿਨਾਂ ਵਿੱਚ ਇਕੱਠੇ ਕ੍ਰਿਕਟ ਖੇਡਦੇ ਸਨ। ਰਬਾਡਾ ਦਾ ਪਰਿਵਾਰ ਆਰਥਿਕ ਤੌਰ ਤੇ ਮਜ਼ਬੂਤ ਸੀ, ਇਸ ਕਰਕੇ ਉਹ ਅਕਸਰ ਐਨਗਿਡੀ ਦੀ ਮਦਦ ਕਰਦੇ ਰਹਿੰਦੇ ਸਨ। ਐਨਗਿਡੀ ਨੇ ਕਿਹਾ ਕਿ ਹਾਲਾਂਕਿ ਦੋਵੇਂ ਪਰਿਵਾਰਾਂ ਦੀਆਂ ਹਾਲਤਾਂ ਵਿੱਚ ਵੱਡਾ ਫ਼ਰਕ ਸੀ, ਪਰ ਇਸ ਨਾਲ ਉਨ੍ਹਾਂ ਦੀ ਦੋਸਤੀ ‘ਤੇ ਕਦੇ ਕੋਈ ਅਸਰ ਨਹੀਂ ਪਿਆ।
ਐਨਗਿਡੀ ਨੇ ਜਨਵਰੀ 2017 ਵਿੱਚ ਸ਼੍ਰੀਲੰਕਾ ਖ਼ਿਲਾਫ਼ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੇਬਿਊ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਦੱਖਣੀ ਅਫ਼ਰੀਕਾ ਲਈ 20 ਟੈਸਟਾਂ ‘ਚ 58 ਵਿਕਟਾਂ, 69 ਵਨ ਡੇ ‘ਚ 110 ਵਿਕਟਾਂ ਅਤੇ 50 ਟੀ20 ਇੰਟਰਨੈਸ਼ਨਲ ਵਿੱਚ 70 ਵਿਕਟਾਂ ਲੈ ਚੁੱਕੇ ਹਨ। ਇਸ ਸਾਲ ਆਈਪੀਐਲ 2025 ਵਿੱਚ ਉਹ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਵਲੋ ਖੇਡੇ, ਜਿੱਥੇ 2 ਮੈਚਾਂ ਵਿੱਚ 4 ਵਿਕਟਾਂ ਆਪਣੇ ਨਾਮ ਕੀਤੀਆਂ।
ਲੁੰਗੀ ਐਨਗਿਡੀ ਦੀ ਇਹ ਕਹਾਣੀ ਨਾ ਸਿਰਫ਼ ਉਨ੍ਹਾਂ ਦੀ ਮਿਹਨਤ ਅਤੇ ਜਜ਼ਬੇ ਦੀ ਮਿਸਾਲ ਹੈ, ਸਗੋਂ ਇਸ ਗੱਲ ਦਾ ਵੀ ਸਬੂਤ ਹੈ ਕਿ ਕਠਿਨਾਈਆਂ ਦੇ ਬਾਵਜੂਦ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8