ਖੱਬੇ ਹੱਥ ਦੀ ਸਪਿਨਰ ਗੌਹਰ ਸੁਲਤਾਨਾ ਨੇ ਕ੍ਰਿਕਟ ਦੇ ਸਾਰੇ ਫਾਰਮੈੱਟਾਂ ਤੋਂ ਲਿਆ ਸੰਨਿਆਸ

Friday, Aug 22, 2025 - 11:38 PM (IST)

ਖੱਬੇ ਹੱਥ ਦੀ ਸਪਿਨਰ ਗੌਹਰ ਸੁਲਤਾਨਾ ਨੇ ਕ੍ਰਿਕਟ ਦੇ ਸਾਰੇ ਫਾਰਮੈੱਟਾਂ ਤੋਂ ਲਿਆ ਸੰਨਿਆਸ

ਨਵੀਂ ਦਿੱਲੀ (ਭਾਸ਼ਾ)-ਭਾਰਤੀ ਮਹਿਲਾ ਟੀਮ ਦੀ ਖੱਬੇ ਹੱਥ ਦੀ ਸਪਿਨਰ ਗੌਹਰ ਸੁਲਤਾਨਾ ਨੇ ਵੀਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈੱਟਾਂ ਤੋਂ ਸੰਨਿਆਸ ਲੈ ਲਿਆ ਅਤੇ ਕਿਹਾ ਕਿ ਖੇਡ ਦੇ ਚੋਟੀ ਦੇ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਉਸ ਲਈ ‘ਸਭ ਤੋਂ ਵੱਡਾ ਸਨਮਾਨ’ ਹੈ। ਇਸ 37 ਸਾਲਾ ਖਿਡਾਰਨ ਨੇ 2008 ਵਿਚ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਕੀਤਾ ਸੀ। ਸੁਲਤਾਨਾ ਨੇ ਭਾਰਤ ਲਈ 50 ਵਨਡੇ ਅਤੇ 37 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਸ ਨੇ ਆਖਰੀ ਵਾਰ ਅਪ੍ਰੈਲ 2014 ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਹਾਲਾਂਕਿ, ਉਸ ਨੇ ਇਸ ਦੌਰਾਨ ਘਰੇਲੂ ਕ੍ਰਿਕਟ ਖੇਡਣਾ ਜਾਰੀ ਰੱਖਿਆ ਅਤੇ 2024 ਅਤੇ 2025 ਵਿਚ ਮਹਿਲਾ ਪ੍ਰੀਮੀਅਰ ਲੀਗ ਵਿਚ ਯੂ.ਪੀ. ਵਾਰੀਅਰਜ਼ ਦੀ ਨੁਮਾਇੰਦਗੀ ਕੀਤੀ। ਵੀਰਵਾਰ ਨੂੰ ਆਪਣੇ ਸੰਨਿਆਸ ਦਾ ਐਲਾਨ ਕਰਦੇ ਹੋਏ ਸੁਲਤਾਨਾ ਨੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਵਿਸ਼ਵ ਕੱਪ ਅਤੇ ਵੱਖ-ਵੱਖ ਟੂਰਾਂ ਵਿਚ ਚੋਟੀ ਦੇ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ।

ਇਨ੍ਹਾਂ ਨੇ ਮੇਰੇ ਹੁਨਰ ਅਤੇ ਜਨੂੰਨ ਦੀ ਵੀ ਪਰਖ ਕੀਤੀ। ਹਰ ਵਿਕਟ, ਮੈਦਾਨ ਵਿਚ ਹਰ ਡਾਈਵ, ਸਾਥੀਆਂ ਨਾਲ ਹਰ ਮੁਲਾਕਾਤ ਨੇ ਮੈਨੂੰ ਇਕ ਕ੍ਰਿਕਟਰ ਅਤੇ ਇਕ ਵਿਅਕਤੀ ਵਜੋਂ ਨਿਖਾਰਨ ਵਿਚ ਮਦਦ ਕੀਤੀ। ਸੁਲਤਾਨਾ ਨੇ ਵਨਡੇ ਮੈਚਾਂ ਵਿਚ 19.39 ਦੀ ਔਸਤ ਨਾਲ 66 ਵਿਕਟਾਂ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 26.27 ਦੀ ਔਸਤ ਨਾਲ 29 ਵਿਕਟਾਂ ਲਈਆਂ। ਉਸ ਨੇ 2009 ਅਤੇ 2013 ਵਿਚ 2 ਵਿਸ਼ਵ ਕੱਪ ਖੇਡੇ ਅਤੇ 11 ਮੈਚਾਂ ਵਿਚ 12 ਵਿਕਟਾਂ ਲਈਆਂ। ਸੁਲਤਾਨਾ ਨੇ 2009 ਤੋਂ 2014 ਤੱਕ 3 ਟੀ-20 ਵਿਸ਼ਵ ਕੱਪਾਂ ਵਿਚ ਵੀ ਹਿੱਸਾ ਲਿਆ ਅਤੇ 7 ਵਿਕਟਾਂ ਲਈਆਂ। ਸੁਲਤਾਨਾ ਵਰਤਮਾਨ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਲੈਵਲ 2 ਕੋਚ ਹੈ।


author

Hardeep Kumar

Content Editor

Related News