ਚਿੰਨਾਸਵਾਮੀ ’ਚ ਕ੍ਰਿਕਟ ਦੀ ਵਾਪਸੀ ਕਰਾਉਣ ਲਈ ਵਚਨਬੱਧ ਹਾਂ : ਪ੍ਰਸਾਦ

Friday, Aug 22, 2025 - 05:51 PM (IST)

ਚਿੰਨਾਸਵਾਮੀ ’ਚ ਕ੍ਰਿਕਟ ਦੀ ਵਾਪਸੀ ਕਰਾਉਣ ਲਈ ਵਚਨਬੱਧ ਹਾਂ : ਪ੍ਰਸਾਦ

ਬੈਂਗਲੁਰੂ- ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੇਂਕਟੇਸ਼ ਪ੍ਰਸਾਦ ਨੇ ਐੱਮ. ਚਿੰਨਾਸਵਾਮੀ ਸਟੇਡੀਅਮ ਦੇ ਅਕਸ ਨੂੰ ਬਹਾਲ ਕਰਨ ਦੀ ਕਸਮ ਖਾਦੀ ਹੈ। ਨਾਲ ਹੀ ਅਗਲੀਆਂ ਚੋਣਾਂ ’ਚ ਚੁਣੇ ਜਾਣ ’ਤੇ ਕਰਨਾਟਕ ਸੂਬਾਈ ਕ੍ਰਿਕਟ ਸੰਘ (ਕੇ. ਐੱਸ. ਸੀ. ਏ.) ਵਿਚ ਬਿਹਤਰ ਪ੍ਰਸ਼ਾਸਨ ਅਤੇ ਪਾਰਦਰਸ਼ਿਤਾ ਲਈ ਵੀ ਵਚਨਬੱਧਤਾ ਜਤਾਈ ਹੈ। 2013-2016 ਤੱਕ ਦੇ ਕੇ. ਐੱਸ. ਸੀ. ਏ. ਦੇ ਪ੍ਰਧਾਨ ਰਹੇ ਪ੍ਰਸਾਦ ਨੇ ਬੁੱਧਵਾਰ ਨੂੰ ਬੈਂਗਲੁਰੂ ’ਚ ਇਕ ਪ੍ਰੋਗਰਾਮ ’ਚ ਬੋਰਡ ਦੀ ਚੋਣ ਲੜਨ ਦਾ ਐਲਾਨ ਕੀਤਾ। ਉਸ ਨਾਲ ਸਾਬਕਾ ਭਾਰਤੀ ਮਹਿਲਾ ਕਪਤਾਨ ਸ਼ਾਂਤਾ ਰੰਗਾਸਵਾਮੀ ਅਤੇ ਕੇ. ਐੱਸ. ਸੀ. ਏ. ਦੇ ਸਾਬਕਾ ਅਹੁਦੇਦਾਰ ਅਤੇ ਬੀ. ਸੀ. ਸੀ. ਆਈ. ਦੀ ਵਿੱਤ ਕਮੇਟੀ ਦਾ ਮੈਂਬਰ ਵਿਨੇ ਮ੍ਰਿਤਯੁੰਜਯ ਵੀ ਚੋਣ ਲੜ ਰਿਹਾ ਹੈ। ਪ੍ਰਸਾਦ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ। ਚਿੰਨਾਸਵਾਮੀ ਸਟੇਡੀਅਮ ਇਕ ਇਸ ਤਰ੍ਹਾਂ ਦਾ ਵੱਕਾਰੀ ਸਟੇਡੀਅਮ ਹੈ, ਜੋ ਪਿਛਲੇ 50 ਸਾਲਾਂ ਤੋਂ ਕਈ ਇਤਿਹਾਸਕ ਪਲਾਂ ਦਾ ਗਵਾਹ ਬਣਿਆ ਹੈ। ਮੈਚਾਂ ਦੀ ਮੇਜਬਾਨੀ ਦੀ ਇਜਾਜ਼ਤ ਲੈਣ ਵਰਗੀ ਗੱਲ ਇਥੇ ਪਹਿਲਾਂ ਕਦੇ ਨਹੀਂ ਹੋਈ। ਇਥੋਂ ਤੱਕ ਕਿ ਸਾਡੇ ਆਪਣੇ ਮਹਾਰਾਜਾ ਕੱਪ ਦੀ ਵੀ ਮੇਜ਼ਬਾਨੀ ਖੋਹ ਲਈ ਗਈ, ਜੋ ਚੰਗੀ ਗੱਲ ਨਹੀਂ ਹੈ।

ਪ੍ਰਸਾਦ ਦੀ ਕ੍ਰਿਕਟ ਪ੍ਰਸ਼ਾਸਨ ’ਚ ਸੰਭਾਵਿਤ ਵਾਪਸੀ ਇਸ ਤਰ੍ਹਾਂ ਦੇ ਸਮੇਂ ਹੋਈ ਹੈ, ਜਦੋਂ ਕੇ. ਐੱਸ. ਸੀ. ਏ. ਖੁਦ ਨੂੰ ਮੁਸ਼ਕਿਲ ਸਥਿਤੀ ’ਚ ਪਾ ਰਿਹਾ ਹੈ। ਐਸੋਸੀਏਸ਼ਨ ਜੂਨ ਤੋਂ ਬਿਨਾਂ ਕਿਸੇ ਸੈਕਟਰੀ ਅਤੇ ਖਜ਼ਾਨਚੀ ਤੋਂ ਕੰਮ ਕਰ ਰਹੀ ਹੈ। ਰਾਇਲ ਚੈਲੰਜ਼ਰਸ ਬੈਂਗਲੁਰੂ ਦੀ ਜਿੱਤ ਦੇ ਜਸ਼ਨ ਦੌਰਾਨ ਐੱਮ. ਚਿੰਨਾਸਵਾਮੀ ਸਟੇਡੀਅਮ ਕੰਪੈਲਕਸ ’ਚ ਮਚੀ ਭਗਦੜ ਤੋਂ ਬਾਅਦ ਨੈਤਿਕ ਜ਼ਿੰਮੇਵਾਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਸਾਰਿਆਂ ਨੇ ਅਸਤੀਫਾ ਦੇ ਦਿੱਤਾ ਸੀ। ਇਸ ਭਾਜੜ ’ਚ 11 ਲੋਕਾਂ ਦੀ ਜਾਨ ਚਲੀ ਗਈ ਸੀ। ਬਾਅਦ ’ਚ ਆਯੋਜਨਾਂ ਲਈ ਪੁਲਸ ਦੀ ਇਜਾਜ਼ਤ ਵਾਰ-ਵਾਰ ਨਾ-ਮਨਜ਼ੂਰ ਕਰ ਦਿੱਤੀ ਗਈ, ਜਿਸ ਨਾਲ ਕੇ. ਐੱਸ. ਸੀ. ਏ. ਨੂੰ ਮਹਾਰਾਜਾ ਟੀ-20 ਟਰਾਫੀ ਮੈਸੂਰ ਕਰਵਾਉਣੀ ਪਈ।

ਫਿਲਹਾਲ ਜੋ ਸਥਿਤੀ ਹੈ, ਉਸ ਨਾਲ ਇਹ ਸੰਭਾਵਨਾ ਵਧਦੀ ਜਾ ਰਹੀ ਹੈ ਕਿ ਅਗਲੇ ਮਹਿਲਾ ਵਿਸ਼ਵ ਕੱਪ ਦੌਰਾਨ ਮੈਚਾਂ ਦੀ ਮੇਜ਼ਬਾਨੀ ਲਈ ਬੈਂਗਲੁਰੂ ਨੂੰ ਇਜਾਜ਼ਤ ਨਹੀਂ ਮਿਲੇਗੀ। ਕੇ. ਐੱਸ. ਸੀ. ਏ. ਨੂੰ ਸਥਾਨਕ ਰੈਗੂਲੇਟਰੀ ਸੰਸਥਾਵਾਂ ਦੇ ਨਾਲ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ’ਚ ਬਿਜਲੀ ਸਪਲਾਈ ਵਿਭਾਗ ਵੀ ਸ਼ਾਮਿਲ ਹੈ, ਜਿਸ ਨੇ ਫਾਇਰ ਸੇਫਟੀ ਨਿਯਮਾਂ ਦਾ ਪਾਲਣ ਨਾਲ ਕਰਨ ਕਾਰਨ ਆਯੋਜਨ ਸਥਾਨ ਦੀ ਬਿਜਲੀ ਤੱਕ ਕੱਟ ਦਿੱਤੀ ਹੈ।

ਬੈਂਗਲੁਰੂ ਨੂੰ ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ, ਦੂਸਰੇ ਸੈਮੀਫਾਈਨਲ ਅਤੇ ਇਥੋਂ ਤੱਕ ਕਿ ਜੇਕਰ ਪਾਕਿਸਤਾਨ ਫਾਈਨਲ ਲਈ ਕੁਆਲੀਫਾਈ ਨਹੀਂ ਕਰਦਾ ਹੈ ਤਾਂ ਫਾਈਨਲ ਮੁਕਾਬਲੇ ਦੀ ਵੀ ਮੇਜ਼ਬਾਨੀ ਕਰਨੀ ਸੀ। ਕੇ. ਐੱਸ. ਸੀ. ਏ. ਵੱਲੋਂ ਬੀ. ਸੀ. ਸੀ. ਆਈ. ਕੋਲੋਂ ਸਾਰੀਆਂ ਮਨਜ਼ੂਰੀਆਂ ਹਾਸਲ ਕਰਨ ਲਈ ਨਿਰਧਾਰਿਤ ਕਈ ਸਮਾਂ ਸੀਮਾਵਾਂ ਨੂੰ ਪੂਰਾ ਨਾ ਕਰ ਸਕਣ ਕਾਰਨ ਇਨ੍ਹਾਂ ਸਾਰੇ ਮੈਚਾਂ ਦੀ ਮੇਜ਼ਬਾਨੀ ਵਿਚਾਲੇ ਲਟਕੀ ਹੈ।


author

Harinder Kaur

Content Editor

Related News