ਡਾਇਮੰਡ ਲੀਗ ਫਾਈਨਲਸ ’ਚ ਜਗ੍ਹਾ ਪੱਕੀ ਹੋਣ ਦੇ ਬਾਵਜੂਦ ਬ੍ਰਸੇਲਸ ’ਚ ਨਹੀਂ ਖੇਡੇਗਾ ਨੀਰਜ ਚੋਪੜਾ

Thursday, Aug 21, 2025 - 10:58 AM (IST)

ਡਾਇਮੰਡ ਲੀਗ ਫਾਈਨਲਸ ’ਚ ਜਗ੍ਹਾ ਪੱਕੀ ਹੋਣ ਦੇ ਬਾਵਜੂਦ ਬ੍ਰਸੇਲਸ ’ਚ ਨਹੀਂ ਖੇਡੇਗਾ ਨੀਰਜ ਚੋਪੜਾ

ਨਵੀਂ ਦਿੱਲੀ– ਡਾਇਮੰਡ ਲੀਗ ਫਾਈਨਲਸ ਵਿਚ ਜਗ੍ਹਾ ਪੱਕੀ ਕਰਨ ਦੇ ਬਾਵਜੂਦ ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਇਸ ਵੱਕਾਰੀ ਸੀਰੀਜ਼ ਦੇ ਸ਼ੁੱਕਰਵਾਰ ਨੂੰ ਬੈਲਜ਼ੀਅਮ ਦੇ ਬ੍ਰਸੇਲਸ ਵਿਚ ਹੋਣ ਵਾਲੇ ਆਖਰੀ ਪੜਾਅ ਵਿਚ ਹਿੱਸਾ ਨਹੀਂ ਲਵੇਗਾ।

ਡਾਇਮੰਡ ਲੀਗ ਦੀਆਂ 14 ਪ੍ਰਤੀਯੋਗਿਤਾਵਾਂ ਵਿਚੋਂ 4 ਵਿਚ ਪੁਰਸ਼ ਜੈਵਲਿਨ ਥ੍ਰੋਅ ਨੂੰ ਜਗ੍ਹਾ ਮਿਲੀ ਹੈ। ਨੀਰਜ ਨੇ ਸਿਰਫ ਦੋ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਿਆ ਪਰ ਉਹ ਸਵਿਟਜ਼ਰਲੈਂਡ ਦੇ ਜਿਊਰਿਖ ਵਿਚ 28 ਅਗਸਤ ਨੂੰ ਹੋਣ ਵਾਲੇ ਡਾਇਮੰਡ ਲੀਗ ਫਾਈਨਲਸ ਲਈ ਕੁਆਲੀਫਾਈ ਕਰਨ ਵਿਚ ਸਫਲ ਰਿਹਾ। ਇਸ ਭਾਰਤੀ ਖਿਡਾਰੀ ਨੇ 16 ਅਗਸਤ ਨੂੰ ਸਿਲੇਸੀਆ ਪੜਾਅ ਵਿਚ ਵੀ ਹਿੱਸਾ ਨਹੀਂ ਲਿਆ ਸੀ।

ਭਾਰਤ ਦੇ 27 ਸਾਲਾ ਸਾਬਕਾ ਵਿਸ਼ਵ ਚੈਂਪੀਅਨ ਨੀਰਜ ਨੇ ਮਈ ਵਿਚ ਦੋਹਾ ਡਾਇਮੰਡ ਲੀਗ ਵਿਚ 90.23 ਮੀਟਰ ਦੀ ਕੋਸ਼ਿਸ਼ ਨਾਲ 90 ਮੀਟਰ ਦਾ ਜਾਦੂਈ ਅੰਕੜਾ ਪਾਰ ਕੀਤਾ ਸੀ ਪਰ ਜਰਮਨੀ ਦੇ ਜੂਲੀਅਨ ਵੈੱਬਰ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ ਸੀ। ਉਸ ਨੇ ਇਸ ਤੋਂ ਬਾਅਦ ਜੂਨ ਵਿਚ 88.16 ਮੀਟਰ ਦੀ ਕੋਸ਼ਿਸ਼ ਨਾਲ ਪੈਰਿਸ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ ਸੀ।

ਬ੍ਰਸੇਲਸ ਪੜਾਅ ਤੋਂ ਬਾਅਦ ਚੋਟੀ ਦੇ ਛੇ ਖਿਡਾਰੀ ਜਿਊਰਿਖ ਵਿਚ ਹੋਣ ਵਾਲੇ ਡਾਇਮੰਡ ਲੀਗ ਫਾਈਨਲਸ ਵਿਚ ਜਗ੍ਹਾ ਬਣਾਉਣਗੇ। ਨੀਰਜ ਨੇ ਆਪਣਾ ਪਿਛਲਾ ਪ੍ਰਤੀਯੋਗਿਤਾ ਟੂਰਨਾਮੈਂਟ 5 ਜੁਲਾਈ ਨੂੰ ਬੈਂਗਲੁਰੂ ਵਿਚ ਐੱਨ. ਸੀ. ਕਲਾਸਿਕ ਦੇ ਰੂਪ ਵਿਚ ਖੇਡਿਆ ਸੀ, ਜਿੱਥੇ ਉਸ ਨੇ 86.18 ਮੀਟਰ ਦੀ ਕੋਸ਼ਿਸ਼ ਨਾਲ ਆਪਣੀ ਮੇਜ਼ਬਾਨੀ ਵਿਚ ਹੋਇਆ ਟੂਰਨਾਮੈਂਟ ਜਿੱਤਿਆ ਸੀ। ਕੁੱਲ ਮਿਲਾ ਕੇ ਨੀਰਜ ਨੇ ਮੌਜੂਦਾ ਸੈਸ਼ਨ ਵਿਚ ਹੁਣ ਤੱਕ ਛੇ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚੋਂ 4 ਵਿਚ ਉਸ ਨੇ ਖਿਤਾਬ ਜਿੱਤਿਆ ਜਦਕਿ ਦੋ ਵਿਚ ਦੂਜੇ ਸਥਾਨ ’ਤੇ ਰਿਹਾ। ਚੋਪੜਾ ਟੋਕੀਓ ਵਿਚ 13 ਤੋਂ 21 ਸਤੰਬਰ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣੇ ਖਿਤਾਬ ਦਾ ਬਚਾਅ ਕਰੇਗਾ।


author

Tarsem Singh

Content Editor

Related News