ਮੇਰੇ ਤੇ ਰਿਸ਼ਭ ਪੰਤ ਵਿਚਾਲੇ ਚੰਗੀ ਸਮਝ : ਸਾਹਾ

10/18/2019 11:50:34 PM

ਰਾਂਚੀ- ਭਾਰਤੀ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਨੂੰ ਲੈ ਕੇ  ਰਿਧੀਮਾਨ ਸਾਹਾ ਅਤੇ ਰਿਸ਼ਭ ਪੰਤ ਵਿਚਾਲੇ ਕਾਫੀ ਤਕੜਾ ਮੁਕਾਬਲਾ ਹੈ ਪਰ ਦੱਖਣੀ ਅਫਰੀਕਾ ਵਿਰੁੱਧ ਲੜੀ ਵਿਚ ਆਖਰੀ-11 ਵਿਚ ਜਗ੍ਹਾ ਬਣਾਉਣ ਵਾਲੇ ਸਾਹਾ ਨੇ ਕਿਹਾ ਕਿ ਇਸ ਨਾਲ ਦੋਵਾਂ ਵਿਕਟਕੀਪਰਾਂ ਵਿਚਾਲੇ ਰਿਸ਼ਤੇ ਪ੍ਰਭਾਵਿਤ ਨਹੀਂ ਹੋਏ ਹਨ। ਮੋਢੇ ਵਿਚ ਸੱਟ ਕਾਰਣ ਸਾਹਾ ਲਗਭਗ 20 ਮਹੀਨਿਆਂ ਤਕ ਭਾਰਤੀ ਟੀਮ ਵਿਚੋਂ ਬਾਹਰ ਰਿਹਾ ਪਰ ਉਸ ਨੇ ਦੱਖਣੀ ਅਫਰੀਕਾ ਵਿਰੁੱਧ ਜਾਰੀ ਮੌਜੂਦਾ ਲੜੀ ਵਿਚ ਵਾਪਸੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਹਾ ਨੇ ਪੁਣੇ ਵਿਚ ਖੇਡੇ ਗਏ ਟੈਸਟ ਵਿਚ ਕੁਝ ਕਮਾਲ ਦੇ ਕੈਚ ਫੜੇ।  ਸਾਹਾ 6 ਦਿਨਾਂ ਬਾਅਦ ਆਪਣਾ 35ਵਾਂ ਜਨਮ ਦਿਨ ਮਨਾਵੇਗਾ। ਟੀਮ ਦੇ ਅਭਿਆਸ ਸੈਸ਼ਨ ਦੌਰਾਨ ਸਾਹਾ ਨੂੰ ਕਈ ਵਾਰ ਪੰਤ ਦੀ ਮਦਦ ਕਰਦਿਆਂ ਦੇਖਿਆ ਗਿਆ।
ਸੀਰੀਜ਼ ਦੇ ਤੀਜੇ ਅਤੇ ਆਖਰੀ ਟੈਸਟ ਦੀ ਪੂਰਬਲੀ ਸ਼ਾਮ 'ਤੇ ਜਦੋਂ ਸਾਹਾ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਪੰਤ ਲਈ ਮੇਂਟਰ ਦੀ ਭੂਮਿਕਾ ਨਿਭਾ ਰਿਹਾ ਹੈ ਤਾਂ ਉਸ ਨੇ ਕਿਹਾ, ''ਨਹੀਂ, ਅਜਿਹਾ ਕੁਝ ਨਹੀਂ ਹੈ। ਅਸੀਂ ਬਸ ਵੈਸੇ ਹੀ ਚਰਚਾ ਕਰਦੇ ਹਾਂ, ਜਿਵੇਂ ਵਿਕਟਕੀਪਰ ਆਪਸ ਵਿਚ ਕਰਦੇ  ਹਨ। ਸ਼੍ਰੀਧਰ (ਫੀਲਡਿੰਗ ਕੋਚ), ਪੰਤ ਅਤੇ ਮੈਂ ਮਿਲ ਕੇ ਫੈਸਲਾ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਵਿਕਟ 'ਤੇ ਕਿਵੇਂ ਕੀਪਿੰਗ ਕਰਨੀ ਹੈ।'' ਸਾਹਾ ਨੇ ਕਿਹਾ ਕਿ ਉਨ੍ਹਾਂ ਵਿਚਾਲੇ ਤਾਲਮੇਲ ਚੰਗਾ ਹੈ, ਜਿਹੜਾ ਇਕੱਠੇ ਕੰਮ ਕਰਨ ਨੂੰ ਆਸਾਨ ਬਣਾਉਂਦਾ ਹੈ।


Gurdeep Singh

Content Editor

Related News