ਮਣੀਪੁਰ ਦੇ ਰੇਕਸ ਨੇ ਰਚਿਆ ਇਤਿਹਾਸ, ਹਾਸਲ ਕੀਤੀਆਂ ਇਕ ਪਾਰੀ ''ਚ 10 ਵਿਕਟਾਂ

12/12/2018 10:57:09 PM

ਮਣੀਪੁਰ- ਮਣੀਪੁਰ ਦੇ 18 ਸਾਲਾ ਰੇਕਸ ਰਾਜ ਕੁਮਾਰ ਨੇ ਕੂਚ ਬਿਹਾਰ ਟਰਾਫੀ ਵਿਚ ਅਰੁਣਾਚਲ ਪ੍ਰਦੇਸ਼ ਵਿਰੁੱਧ ਮੈਚ ਦੀ ਇਕ ਪਾਰੀ ਵਿਚ ਸਾਰੀਆਂ 10 ਵਿਕਟਾਂ ਲੈਣ ਦਾ ਸ਼ਾਨਦਾਰ ਰਿਕਾਰਡ ਆਪਣੇ ਨਾਂ ਕੀਤਾ ਹੈ। ਮੱਧ ਤੇਜ਼ ਗੇਂਦਬਾਜ਼ ਨੇ ਅੰਡਰ-19 ਕ੍ਰਿਕਟ ਟੂਰਨਾਮੈਂਟ ਵਿਚ ਖਤਰਨਾਕ ਗੇਂਦਬਾਜ਼ੀ ਕਰਦੇ ਹੋਏ ਇਕ ਪਾਰੀ ਵਿਚ 11 ਦੌੜਾਂ ਦੇ ਕੇ 10 ਵਿਕਟਾਂ ਆਪਣੇ ਨਾਂ ਕੀਤੀਆਂ। ਰਾਜ ਕੁਮਾਰ ਦੀ ਗੇਂਦਬਾਜ਼ੀ ਦੀ ਬਦੌਲਤ ਮਣੀਪੁਰ ਨੇ ਅਰੁਣਾਚਲ ਪ੍ਰਦੇਸ਼ ਨੂੰ ਇਥੇ ਅਨੰਤਪੁਰ ਸਥਿਤ ਰੂਰਲ ਡਿਵੈਲਪਮੈਂਟ ਟਰੱਸਟ ਸਟੇਡੀਅਮ ਵਿਚ ਖੇਡੇ ਗਏ ਇਕਤਰਫਾ ਮੈਚ ਵਿਚ 10 ਵਿਕਟਾਂ ਨਾਲ ਹਰਾਇਆ।

PunjabKesari
ਰਾਜ ਕੁਮਾਰ ਨੇ ਅਰੁਣਾਚਲ ਦੀ ਦੂਸਰੀ ਪਾਰੀ ਵਿਚ 9.5 ਓਵਰਾਂ ਤੱਕ ਗੇਂਦਬਾਜ਼ੀ ਕੀਤੀ, ਜਿਸ ਵਿਚ ਉਸ ਨੇ 6 ਓਵਰ ਮੇਡਨ ਸੁੱਟੇ। ਰਾਜ ਕੁਮਾਰ ਦੀ ਗੇਂਦਬਾਜ਼ੀ ਕਾਰਨ ਅਰੁਣਾਚਲ ਪ੍ਰਦੇਸ਼ ਦੀ ਦੂਸਰੀ ਪਾਰੀ ਸਿਰਫ 36 ਦੌੜਾਂ 'ਤੇ ਢੇਰ ਹੋ ਗਈ। ਸਵੇਰੇ ਮਣੀਪੁਰ ਨੇ ਮੈਚ ਵਿਚ ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਕੱਲ ਦੀਆਂ 3 ਵਿਕਟਾਂ 'ਤੇ 89 ਦੌੜਾਂ ਤੋਂ ਅੱਗੇ ਵਧਾਉਂਦੇ ਹੋਏ ਕੀਤੀ ਸੀ। ਉਹ ਅਰੁਣਾਚਲ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ 122 ਦੌੜਾਂ 'ਤੇ ਸਿਮਟ ਕੇ ਰਹਿ ਗਈ। ਅਰੁਣਾਚਲ ਨੇ ਪਹਿਲੀ ਪਾਰੀ ਵਿਚ 138 ਦੌੜਾਂ ਬਣਾਈਆਂ ਸਨ। 
ਅਰੁਣਾਚਲ ਕੋਲ ਪਹਿਲੀ ਪਾਰੀ ਤੋਂ 16 ਦੌੜਾਂ ਦੀ ਬੜ੍ਹਤ ਸੀ ਪਰ ਮਣੀਪੁਰ ਦੇ ਰਾਜਕੁਮਾਰ ਨੇ ਆਪਣੀ ਗੇਂਦਬਾਜ਼ੀ ਨਾਲ ਵਿਰੋਧੀ ਟੀਮ ਦੀ ਦੂਸਰੀ ਪਾਰੀ 36 ਦੌੜਾਂ 'ਤੇ ਹੀ ਢੇਰ ਕਰ ਦਿੱਤਾ ਸੀ। ਮਣੀਪੁਰ ਨੇ ਫਿਰ 53 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬਿਨਾਂ ਕੋਈ ਵਿਕਟ ਗੁਆਏ ਮੈਚ ਜਿੱਤ ਲਿਆ।


Related News