ਰੀਅਲ ਕਸ਼ਮੀਰ ਨੇ ਆਈਜੋਲ ਐੱਫ. ਸੀ. ਨੂੰ 2-1 ਨਾਲ ਹਰਾਇਆ
Monday, Mar 10, 2025 - 02:18 PM (IST)

ਸ੍ਰੀਨਗਰ– ਰੀਅਲ ਕਸ਼ਮੀਰ ਐੱਫ. ਸੀ. ਨੇ ਇੱਥੇ ਆਈ ਲੀਗ ਫੁੱਟਬਾਲ ਪ੍ਰਤੀਯੋਗਿਤਾ ਵਿਚ ਆਈਜੋਲ ਐੱਫ. ਸੀ. ’ਤੇ 2-1 ਦੀ ਜਿੱਤ ਦੇ ਨਾਲ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਪਹੁੰਚ ਗਈ । ਰੀਅਲ ਕਸ਼ਮੀਰ ਦੀ ਘਰੇਲੂ ਮੈਦਾਨ ’ਤੇ ਇਹ ਲਗਾਤਾਰ 5ਵੀਂ ਜਿੱਤ ਹੈ ਤੇ ਪਿਛਲੇ 5 ਮੈਚਾਂ ਵਿਚ ਇਹ ਚੌਥੀ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਰੀਅਲ ਕਸ਼ਮੀਰ ਦੇ 18 ਮੈਚਾਂ ਵਿਚ 32 ਅੰਕ ਹੋ ਗਏ ਹਨ, ਜਿਸ ਨਾਲ ਉਹ ਚਰਚਿਲ ਬ੍ਰਦਰਜ਼ ਤੇ ਇੰਟਰ ਕਾਸ਼ੀ ਤੋਂ ਦੋ ਅੰਕ ਪਿੱਛੇ ਹੈ। ਹੁਣ ਜਦੋਂ ਸਿਰਫ 4 ਮੈਚ ਬਚੇ ਹਨ ਤਾਂ ਖਿਤਾਬ ਦੀ ਦੌੜ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੇਗੀ।
ਉੱਥੇ ਹੀ, ਆਈਜੋਲ ਐੱਫ. ਸੀ. ਰੈਲੀਗੇਟ ਹੋਣ ਦੀ ਕਗਾਰ ਨਾਲ ਬਾਹਰ ਹੋਣ ਦਾ ਮੌਕਾ ਖੁੰਝ ਗਈ ਤੇ 16 ਅੰਕ ਲੈ ਕੇ ਐੱਫ. ਸੀ. ਬੈਂਗਲੁਰੂ ਵਿਚੋਂ ਇਕ ਸਥਾਨ ਪਿੱਛੇ 11ਵੇਂ ਸਥਾਨ ’ਤੇ ਹੈ। ਸੇਨੇਗਲ ਦੇ ਕਰੀਮ ਸਾਂਬ (31ਵੇਂ ਮਿੰਟ) ਨੇ ਰੀਅਲ ਕਸ਼ਮੀਰ ਨੂੰ ਬੜ੍ਹਤ ਦਿਵਾਈ। ਫਿਰ ਲਾਲਰਿਨਜੁਆਲਾ ਨੇ ਸੈਸ਼ਨ ਦਾ ਆਪਣਾ 9ਵਾਂ ਗੋਲ ਕਰ ਕੇ ਆਈਜੋਲ ਐੱਫ. ਸੀ. ਨੂੰ ਬਰਾਬਰੀ ਦਿਵਾਈ। ਰੀਅਲ ਕਸ਼ਮੀਰ ਲਈ ਬ੍ਰਾਜ਼ੀਲ ਦੇ ਪਾਓਲੋ ਸੇਜਾਰ (77ਵੇਂ ਮਿੰਟ) ਨੇ ਜੇਤੂ ਗੋਲ ਕੀਤਾ।