RCB vs PBKS : ਪੰਜਾਬ ਨੇ ਬੈਂਗਲੁਰੂ ਨੂੰ 54 ਦੌੜਾਂ ਨਾਲ ਹਰਾਇਆ

05/13/2022 11:33:31 PM

ਸਪੋਰਟਸ ਡੈਸਕ- ਜਾਨੀ ਬੇਅਰਸਟੋ (66) ਤੇ ਲਿਆਮ ਲਿਵਿੰਗਸਟੋਨ (70) ਦੇ ਧਮਾਕੇਦਾਰ ਅਰਧ ਸੈਂਕੜਿਆਂ ਤੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੰਜਾਬ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 54 ਦੌੜਾਂ ਨਾਲ ਹਰਾ ਕੇ ਆਈ. ਪੀ.ਐੱਲ.-2022 ਦੇ ਪਲੇਅ ਆਫ ਲਈ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ। ਪੰਜਾਬ ਦੇ ਇਸ ਜਿੱਤ ਤੋਂ ਬਾਅਦ 12 ਮੈਚਾਂ ਵਿਚੋਂ 6 ਜਿੱਤਾਂ ਨਾਲ 12 ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ ਵਿਚ ਛੇਵੇਂ ਸਥਾਨ ’ਤੇ ਹੈ ਜਦਕਿ ਬੈਂਗਲੁਰੂ ਇਸ ਹਾਰ ਦੇ ਬਾਵਜੂਦ ਚੌਥੇ ਸਥਾਨ ’ਤੇ ਬਰਕਾਰਰ ਹੈ ਤੇ ਉਸ ਦੇ 13 ਮੈਚਾਂ ਵਿਚੋਂ 7 ਜਿੱਤਾਂ ਨਾਲ 14 ਅੰਕ ਹਨ।  ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਅਆਂ ਪੰਜਾਬ ਕਿੰਗਜ਼ ਨੇ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ’ਤੇ 209 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦਾ ਪਿੱਛਾ ਕਰਦੇ ਸਮੇਂ ਬੈਂਗਲੁਰੂ ਦੇ ਬੱਲੇਬਾਜ਼ ਸ਼ੁਰੂਆਤ ਤੋਂ ਹੀ ਲੜਖੜਾ ਗਏ। ਉਸ ਦੀਆਂ 3 ਵਿਕਟਾਂ 40 ਦੌੜਾਂ ’ਤੇ ਡਿੱਗ ਗਈਆਂ ਸਨ, ਜਿਸ ਤੋਂ ਬਾਅਦ ਟੀਮ ਵਿਚ ਵਾਪਸੀ ਨਹੀਂ ਕਰ ਸਕੀ ਤੇ ਅੰਤ ਵਿਚ ਟੀਮ 9 ਵਿਕਟਾਂ ’ਤੇ 155 ਦੌੜਾਂ ਹੀ ਬਣਾ ਸਕੀ। 

ਇਹ ਵੀ ਪੜ੍ਹੋ :- ਅਧਿਐਨ ’ਚ ਹੋਇਆ ਖ਼ੁਲਾਸਾ, ਨੋਟਾਂ ਨਾਲ ਨਹੀਂ ਫੈਲਦਾ ਕੋਰੋਨਾ

ਬੈਂਗਲੁਰੂ ਵਲੋਂ ਸਭ ਤੋਂ ਵੱਧ ਗਲੇਨ ਮੈਕਸਵੈੱਲ ਨੇ 35 ਦੌੜਾਂ ਬਣਾਈਆਂ ਜਦਕਿ ਰਜਤ ਪਾਟੀਦਾਰ 26 ਦੌੜਾਂ ਬਣਾ ਕੇ ਦੂਜਾ ਸਭ ਤੋਂ ਵੱਡਾ ਸਕੋਰ ਰਿਹਾ। ਉਸ ਦੇ ਪੰਜ ਬੱਲੇਬਾਜ਼ ਦੋਹਰੇ ਅੰਕ ਤਕ ਨਹੀਂ ਪਹੁੰਚ ਸਕੇ। ਸਾਬਕਾ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਫਲਾਬ ਰਿਹਾ। ਉਸ ਨੇ ਇਸ ਵਾਰ 14 ਗੇਂਦਾਂ ’ਤੇ 2 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਸਿਰਫ 20 ਦੌੜਾਂ ਹੀ ਬਣਾਈਆਂ ਤੇ ਚੱਲਦਾ ਬਣਿਆ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਪਾਰੀ ਵਿਚ 14 ਛੱਕੇ ਤੇ 16 ਚੌਕੇ ਲੱਗੇ, ਜਿਨ੍ਹਾਂ ਨਾਲ 148 ਦੌੜਾਂ  ਬਾਊਂਡਰੀਆਂ ਨਾਲ ਬਣੀਆਂ। ਬੇਅਰਸਟੋ ਤੇ ਲਿਵਿੰਗਸੋਟਨ (42 ਗੇਂਦਾਂ, 5 ਚੌਕੇ ਤੇ 4 ਛੱਕੇ) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਬਾਵਜੂਦ ਆਰ. ਸੀ. ਬੀ. ਲਈ ਵਾਨਿੰਦੂ ਹਸਰੰਗਾ ਡੀ ਸਿਲਵਾ ਅਤੇ ਹਰਸ਼ਲ ਪਟੇਲ ਨੇ ਡੈੱਥ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਹਸਰੰਗਾ ਨੇ ਚਾਰ ਓਵਰਾਂ ਵਿਚ ਸਿਰਫ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਨਾਲ ਵਿਕਟ ਲੈਣ ਦੇ ਮਾਮਲੇ ਵਿਚ ਉਹ ਇਸ ਸਾਲ ਆਈ. ਪੀ. ਐੱਲ. ਸੈਸ਼ਨ ਵਿਚ ਯੁਜਵੇਂਦਰ ਚਾਹਲ ਦੀ ਬਰਾਬਰੀ ’ਤੇ ਪਹੁੰਚ ਗਿਆ। ਦੋਵਾਂ ਦੀਆਂ 23-23 ਵਿਕਟਾਂ ਹਨ। ਹਰਸ਼ਲ ਪਟੇਲ ਨੇ ਆਖਰੀ ਓਵਰਾਂ 2 ਵਿਕਟਾਂ ਨਾਲ ਚਾਰ ਓਵਰਾਂ ਵਿਚ 34 ਦੌੜਾਂ ਦੇ ਕੇ 4 ਵਿਕਟਾਂ ਲਈਆਂ।

ਇਹ ਵੀ ਪੜ੍ਹੋ :-ਬ੍ਰਾਜ਼ੀਲ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਨ ਤੋਂ ਪਹਿਲਾਂ ਪੰਜਾਬੀ ਨੌਜਵਾਨ ਦੀ ਹੋਈ ਮੌਤ

ਜੋਸ਼ ਹੇਜ਼ਲਵੁਡ ਆਰ. ਸੀ. ਬੀ. ਲਈ ਸਭ ਤੋਂ ਵੱਧ ਮਹਿੰਗ ਸਾਬਤ ਹੋਇਆ, ਜਿਸ ਨੇ 4 ਓਵਰਾਂ ਵਿਚ 64 ਦੌੜਾਂ ਤੇ ਮੁਹੰਮਦ ਸਿਰਾਜ ਨੇ 2 ਓਵਰਾਂ ਵਿਚ 36 ਦੌੜਾਂ ਦਿੱਤੀਆਂ।ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸਲਾਮੀ ਬੱਲੇਬਾਜ਼ ਬੇਅਰਸਟੋ ਨੇ ਆਉਂਦੇ ਹੀ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 21 ਦੌੜਾਂ ਦੀ ਪਾਰੀ ਖੇਡੀ।  6 ਓਵਰਾਂ ਤੋਂ ਬਾਅਦ ਟੀਮ ਦਾ ਸਕੋਰ 1 ਵਿਕਟ ’ਤੇ 83 ਦੌੜਾਂ ਸੀ, ਜਿਹੜਾ ਪਾਵਰਪਲੇਅ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਰਿਹਾ। ਬੇਅਰਸਟੋ ਤੋਂ ਬਾਅਦ ਲਿਵਿੰਗਸਟੋਨ ਨੇ ਜ਼ਿੰਮੇਵਾਰੀ ਸੰਭਾਲੀ ਤੇ ਕਪਤਾਨ ਮਯੰਕ ਅਗਰਵਾਲ (19) ਨਾਲ ਰਨ ਰੇਟ ਨੂੰ ਘੱਟ ਨਾ ਹੋਣ ਦਿੱਤਾ। ਅਗਰਵਾਲ ਹਰਸ਼ਲ ਦੀ ਗੇਂਦ ’ਤੇ ਆਊਟ ਹੋਇਆ। ਜਿਤੇਸ਼ ਸ਼ਰਮਾ (9) ਦੋ ਚੌਕੇ ਲਾ ਕੇ ਹਸਰੰਗਾ ਦੀ ਗੇਂਦ ’ਤੇ ਬੋਲਡ ਹੋ ਗਿਆ। ਹਰਪ੍ਰੀਤ ਬਰਾੜ ਨੇ ਵੀ ਰਨ ਰੇਟ ਵਿਚ ਯੋਗਦਾਨ ਦੇਣ ਦੀ ਕੋਸ਼ਿਸ਼ ਵਿਚ 18ਵੇਂ ਓਵਰ ਵਿਚ ਪਟੇਲ ’ਤੇ ਛੱਕਾ ਲਾਇਆ ਪਰ ਅਗਲੀ ਗੇਂਦ ’ਤੇ ਆਊਟ ਹੋ ਗਿਆ। ਲਿਵਿੰਗਸਟੋਨ ਨੇ ਹੇਜ਼ਲਵੁਡ ਦੇ ਚੌਥੇ ਤੇ 19ਵੇਂ ਓਵਰ ਵਿਚ 2 ਛੱਕੇ ਤੇ 2 ਚੌਕਿਆਂ ਨਾਲ 24 ਦੌੜਾਂ ਜੋੜੀਆਂ। ਹਰਸ਼ਲ ਨੇ ਆਖਰੀ ਓਵਰ ਵਿਚ ਲਿਵਿੰਗਸਟੋਨ ਦੀ ਪਾਰੀ ਖਤਮ ਕੀਤੀ, ਜਿਹੜਾ ਗੇਂਦ ਨੂੰ ਉੱਚੀ ਸ਼ਾਟ ਖੇਡ ਬੈਠਾ ਤੇ ਵਿਕਟਕੀਪਰ ਕਾਰਤਿਕ ਨੇ ਕੈਚ ਫੜ ਕੇ ਉਸਦੀ ਪਾਰੀ ਖਤਮ ਕੀਤੀ। ਹਰਸ਼ਲ ਨੇ ਰਿਸ਼ੀ ਧਵਨ (7) ਨੂੰ ਵੀ ਆਊਟ ਕੀਤਾ ਤੇ ਆਖਰੀ ਗੇਂਦ ’ਤੇ ਰਾਹੁਲ ਚਾਹਰ ਰਨ ਆਊਟ ਹੋਇਆ।

ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ-11
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਸ਼ਾਹਬਾਜ਼ ਅਹਿਮਦ, ਵਨਿੰਦੂ ਹਸਰੰਗਾ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ।
ਪੰਜਾਬ ਕਿੰਗਜ਼ : ਜਾਨੀ ਬੇਅਰਸਟੋ, ਸ਼ਿਖਰ ਧਵਨ, ਭਾਨੁਕਾ ਰਾਜਪਕਸ਼ੇ, ਮਯੰਕ ਅਗਰਵਾਲ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਲਿਆਮ ਲਿਵਿੰਗਸਟੋਨ, ਰਿਸ਼ੀ ਧਵਨ, ਕਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ,ਹਰਪ੍ਰੀਤ ਬਰਾੜ।

 


Karan Kumar

Content Editor

Related News