ਜਲੰਧਰ ਦੀ ਹਾਕੀ ਖਿਡਾਰੀ ਰਸ਼ਨਪ੍ਰੀਤ ਕੌਰ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ''ਚ ਸ਼ਾਮਲ
Saturday, Dec 07, 2019 - 12:18 AM (IST)

ਜਲੰਧਰ (ਰਾਹੁਲ)– ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਚ ਬੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਰਸ਼ਨਪ੍ਰੀਤ ਕੌਰ ਆਸਟਰੇਲੀਆ ਵਿਚ ਜਾਰੀ ਤਿੰਨ ਦੇਸ਼ਾਂ ਦੀ ਕੌਮਾਂਤਰੀ ਮਹਿਲਾ ਹਾਕੀ ਸੀਰੀਜ਼ ਵਿਚ ਬਤੌਰ ਗੋਲਕੀਪਰ ਖੇਡ ਰਹੀ ਹੈ। ਟੀਮ ਟ੍ਰੇਨਰ ਓਲੰਪੀਅਨ ਬਲਜੀਤ ਿਸੰਘ ਸੈਣੀ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿਚ ਭਾਰਤੀ ਟੀਮ ਸ਼ਨੀਵਾਰ ਨੂੰ ਕੈਨਬਰਾ ਵਿਚ ਨਿਊਜ਼ੀਲੈਂਡ ਖਿਲਾਫ ਮੈਦਾਨ ਵਿਚ ਉਤਰੇਗੀ, ਜਦੋਂਕਿ ਲੜੀ ਦਾ ਅੰਤਿਮ ਮੈਚ ਐਤਵਾਰ ਨੂੰ ਭਾਰਤ ਅਤੇ ਮੇਜ਼ਬਾਨ ਆਸਟਰੇਲੀਆ ਦਰਮਿਆਨ ਹੋਵੇਗਾ। ਹਾਕੀ ਪੰਜਾਬ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਵਿਚ ਸ਼ਾਮਲ ਹੋਣ ਲਈ ਰਸ਼ਨਪ੍ਰੀਤ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਰਸ਼ਨਪ੍ਰੀਤ ਕੌਰ ਭਵਿੱਖ ਵਿਚ ਸੀਨੀਅਰ ਵਰਗ ਵਿਚ ਵੀ ਭਾਰਤੀ ਮਹਿਲਾ ਹਾਕੀ ਟੀਮ ਦੀ ਨੁਮਾਇੰਦਗੀ ਕਰੇਗੀ।