ਰਣਜੀ ਟਰਾਫੀ : ਆਕਾਸ਼ ਵਿਸ਼ਿਸ਼ਠ ਤੇ ਪ੍ਰਵੀਣ ਠਾਕੁਰ ਦੇ ਸੈਂਕੜਿਆਂ ਨਾਲ ਹਿਮਾਚਲ ਨੇ ਮੈਚ ਡਰਾਅ ਕਰਾਇਆ
Monday, Feb 21, 2022 - 11:41 AM (IST)
ਨਵੀਂ ਦਿੱਲੀ- ਆਕਾਸ਼ ਵਿਸ਼ਿਸ਼ਠ (140) ਤੇ ਪ੍ਰਵੀਣ ਠਾਕੁਰ (ਅਜੇਤੂ 103) ਦੇ ਸ਼ਾਨਦਾਰ ਸੈਂਕੜਿਆਂ ਨਾਲ ਹਿਮਾਚਲ ਪ੍ਰਦੇਸ਼ ਨੇ ਪੰਜਾਬ ਦੇ ਖ਼ਿਲਾਫ਼ ਰਣਜੀ ਟਰਾਫੀ ਐਲੀਟ ਗਰੁੱਪ ਐੱਫ. ਮੈਚ ਨੂੰ ਚੌਥੇ ਤੇ ਆਖ਼ਰੀ ਦਿਨ ਡਰਾਅ ਕਰਾ ਲਿਆ ਤੇ ਸਿੱਧੀ ਹਾਰ ਤੋਂ ਬਚ ਗਿਆ। ਪੰਜਾਬ ਨੂੰ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਤਿੰਨ ਅੰਕ ਮਿਲੇ ਜਦਕਿ ਹਿਮਾਚਲ ਦੇ ਹਿੱਸੇ 'ਚ ਇਕ ਅੰਕ ਆਇਆ।
ਇਹ ਵੀ ਪੜ੍ਹੋ : ਸੂਰਯਕੁਮਾਰ ਨੇ ਜੜੇ 7 ਛੱਕੇ, ਵੈਂਕਟੇਸ਼ ਅਈਅਰ ਹੋਏ ਬੱਲੇਬਾਜ਼ੀ ਨਾਲ ਪ੍ਰਭਾਵਿਤ, ਦਿੱਤਾ ਇਹ ਬਿਆਨ
ਪੰਜਾਬ ਨੇ ਪਹਿਲੀ ਪਾਰੀ 'ਚ 526 ਦੌੜਾਂ ਬਣਾ ਕੇ 172 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਕਰ ਲਈ ਸੀ। ਹਿਮਾਚਲ ਨੇ ਕਲ ਆਪਣੀ ਦੂਜੀ ਪਾਰੀ 'ਚ ਸੰਟਪ ਤਕ ਪੰਜ ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ ਸਨ ਤੇ ਉਸ 'ਤੇ ਹਾਰ ਦਾ ਖ਼ਤਰਾ ਮੰਡਰਾ ਰਿਹਾ ਸੀ। ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਆਕਾਸ਼ ਵਿਸ਼ਿਸ਼ਠ ਨੇ 36 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਰਿਸ਼ੀ ਧਵਨ ਚਾਰ ਦੌੜਾਂ ਬਣਾ ਕੇ ਛੇਵੇਂ ਬੱਲੇਬਾਜ਼ ਦੇ ਰੂਪ 'ਚ 172 ਦੇ ਸਕੋਰ 'ਤੇ ਆਊਟ ਹੋਏ।
ਇਹ ਵੀ ਪੜ੍ਹੋ : ਬੀਜਿੰਗ ਵਿੰਟਰ ਓਲੰਪਿਕ ਦੀ ਸਮਾਪਤੀ, ਦੇਖੋ ਸ਼ਾਨਦਾਰ ਤਸਵੀਰਾਂ
ਆਕਾਸ਼ ਨੂੰ ਇਸ ਤੋਂ ਬਾਅਦ ਪ੍ਰਵੀਣ ਦੇ ਤੌਰ 'ਤੇ ਇਕ ਚੰਗਾ ਜੋੜੀਦਾਰ ਮਿਲਿਆ ਤੇ ਦੋਵਾਂ ਨੇ ਸਤਵੇਂ ਵਿਕਟ ਲਈ 162 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਇਹ ਸਾਂਝੇਦਾਰੀ ਆਕਾਸ਼ ਦੇ ਰਨ ਆਊਟ ਹੋਣ ਨਾਲ ਟੁੱਟੀ। ਆਕਾਸ਼ ਨੇ 196 ਗੇਂਦਾਂ 'ਤੇ 15 ਚੌਕਿਆਂ ਦੀ ਮਦਦ ਨਾਲ 140 ਦੌੜਾਂ ਬਣਾਈਆਂ। ਪ੍ਰਵੀਣ ਨੇ ਫਿਰ ਮਯੰਕ ਡਾਗਰ ਦੇ ਨਾਲ ਅੱਠਵੇਂ ਵਿਕਟ ਲਈ 52 ਦੌੜਾਂ ਜੋੜ ਕੇ ਪੰਜਾਬ ਦੀ ਸਿੱਧੀ ਜਿੱਤ ਹਾਸਲ ਕਰਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਪ੍ਰਵੀਣ ਨੇ 163 ਗੇਂਦਾਂ 'ਤੇ 13 ਚੌਕਿਆਂ ਦੀ ਮਦਦ ਨਾਲ ਅਜੇਤੂ 103 ਦੌੜਾਂ ਬਣਾਈਆਂ ਜਦਕਿ ਡਾਗਰ ਨੇ 42 ਗੇਂਦਾਂ 29 ਦੌੜਾਂ ਦੀ ਪਾਰੀ ਖੇਡੀ। ਪੰਜਾਬ ਵਲੋਂ ਮਯੰਕ ਮਾਰਕੰਡੇਯ ਨੇ 103 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।