105 ਸਾਲਾ ਰਾਮਬਾਈ ਨੇ 100 ਮੀਟਰ ਦੌੜ 'ਚ ਜਿੱਤਿਆ ਸੋਨ ਤਮਗਾ, ਤੋੜਿਆ ਬੇਬੇ ਮਾਨ ਕੌਰ ਦਾ ਰਿਕਾਰਡ

06/22/2022 4:52:23 PM

ਨਵੀਂ ਦਿੱਲੀ (ਏਜੰਸੀ)- ਜੇਕਰ ਹੌਸਲਾ ਬੁਲੰਦ ਹੋਵੇ ਅਤੇ ਕੁਝ ਕਰਨ ਦਾ ਜਨੂੰਨ ਹੋਵੇ ਤਾਂ ਉਮਰ ਕੋਈ ਰੁਕਾਵਟ ਨਹੀਂ ਬਣਦੀ ਅਤੇ ਹਰਿਆਣਾ ਦੀ 105 ਸਾਲਾ ਦੌੜਾਕ ਰਾਮਬਾਈ ਨੇ 100 ਅਤੇ 200 ਮੀਟਰ ਦੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਸੋਨ ਤਮਗਾ ਜਿੱਤ ਕੇ ਇਸ ਨੂੰ ਸਹੀ ਸਾਬਤ ਕਰ ਦਿੱਤਾ ਹੈ। ਚਰਖੀ ਦਾਦਰੀ ਜ਼ਿਲ੍ਹੇ ਦੇ ਕਦਮਾ ਪਿੰਡ ਦੀ ਰਾਮਬਾਈ ਨੇ ਵਡੋਦਰਾ 'ਚ ਆਯੋਜਿਤ ਰਾਸ਼ਟਰੀ ਓਪਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦਿਨ 100 ਅਤੇ 200 ਮੀਟਰ ਦੌੜ 'ਚ ਸੋਨ ਤਮਗਾ ਜਿੱਤ ਕੇ ਨਵਾਂ ਰਿਕਾਰਡ ਸਥਾਪਤ ਕਰਨ ਦੇ ਨਾਲ ਆਪਣੀ ਉਮਰ ਨੂੰ ਬੌਣਾ ਸਾਬਤ ਕੀਤਾ।

ਇਹ ਵੀ ਪੜ੍ਹੋ: ਭਗੌੜੇ ਵਿਜੇ ਮਾਲਿਆ ਦੀ 'ਯੂਨੀਵਰਸ ਬੌਸ' ਨਾਲ ਮੁਲਾਕਾਤ ਚਰਚਾ 'ਚ, ਗੇਲ ਨੂੰ ਦੱਸਿਆ 'ਚੰਗਾ ਦੋਸਤ'

ਉਨ੍ਹਾਂ ਨੇ ਇਸ ਦੇ ਨਾਲ ਹੀ ਮਰਹੂਮ ਮਾਨ ਕੌਰ ਦੇ ਰਿਕਾਰਡ ਵੀ ਤੋੜ ਦਿੱਤਾ, ਜਿਨ੍ਹਾਂ ਨੇ 101 ਸਾਲ ਦੀ ਉਮਰ ਵਿੱਚ ਅਜਿਹੀ ਦੌੜ ਵਿੱਚ ਹਿੱਸਾ ਲਿਆ ਸੀ। ਇਸ ਪ੍ਰਾਪਤੀ ਤੋਂ ਬਾਅਦ ਰਾਮਬਾਈ ਨੇ ਕਿਹਾ, "ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ।" ਇਸ ਮੁਕਾਬਲੇ 'ਚ ਸਭ ਦੀਆਂ ਨਜ਼ਰਾਂ ਰਾਮਬਾਈ 'ਤੇ ਟਿਕੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ 100 ਮੀਟਰ ਦੀ ਦੌੜ 45.40 ਸਕਿੰਟ 'ਚ ਅਤੇ 200 ਮੀਟਰ ਦੀ ਦੌੜ 1 ਮਿੰਟ 52.17 ਸੈਕਿੰਟਾਂ 'ਚ ਪੂਰੀ ਕਰਕੇ 'ਗੋਲਡਨ ਡਬਲ' ਹਾਸਲ ਕੀਤਾ। ਉਨ੍ਹਾਂ ਤੋਂ ਪਹਿਲਾਂ ਮਾਨ ਕੌਰ ਨੇ 2017 ਵਿੱਚ 101 ਸਾਲ ਦੀ ਉਮਰ ਵਿੱਚ 100 ਮੀਟਰ ਦੀ ਦੌੜ 74 ਸਕਿੰਟਾਂ ਵਿੱਚ ਪੂਰੀ ਕੀਤੀ ਸੀ।

ਇਹ ਵੀ ਪੜ੍ਹੋ: 6 ਬੱਚਿਆਂ ਦੀ ਮਾਂ ਦੀ ਕੁੱਖ 'ਚ ਪਲ ਰਹੇ ਹੋਰ 13 ਬੱਚੇ, 19 ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਸੋਚ ਕੇ ਪਿਤਾ ਪਰੇਸ਼ਾਨ

ਰਾਮਬਾਈ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ। ਇਹ ਇੱਕ ਦੁਰਲੱਭ ਅਹਿਸਾਸ ਹੈ।" ਇਸ ਉਮਰ 'ਚ ਵੀ ਖੁਦ ਨੂੰ ਫਿੱਟ ਰੱਖਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਮੈਂ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਜੌਗਿੰਗ ਲਈ ਜਾਂਦੀ ਹਾਂ। ਘਰ ਦੇ ਸਾਰੇ ਕੰਮ ਮੈਂ ਆਪ ਕਰਦੀ ਹਾਂ। ਮੈਂ ਖੇਤਾਂ ਵਿੱਚ ਵੀ ਰੋਜ਼ ਕੰਮ ਕਰਦੀ ਹਾਂ।" ਰਾਮਬਾਈ ਦਾ ਜਨਮ 1917 ਵਿੱਚ ਹੋਇਆ ਸੀ, ਜਦੋਂ ਪਹਿਲਾ ਵਿਸ਼ਵ ਯੁੱਧ ਆਪਣੇ ਸਿਖਰ 'ਤੇ ਸੀ ਅਤੇ ਭਾਰਤ 'ਤੇ ਜਾਰਜ V (ਮਹਾਰਾਣੀ ਐਲਿਜ਼ਾਬੈਥ II ਦੇ ਦਾਦਾ) ਦਾ ਰਾਜ ਸੀ। ਰਾਮਬਾਈ ਨੇ ਸਿਰਫ਼ ਇੱਕ ਸਾਲ ਪਹਿਲਾਂ ਹੀ ਦੌੜਨਾ ਸ਼ੁਰੂ ਕੀਤਾ ਹੈ ਅਤੇ ਕਿਹਾ, "ਮੇਰਾ ਇਹ ਪ੍ਰਦਰਸ਼ਨ ਮੈਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰੇਗਾ।" ਉਨ੍ਹਾਂ ਹੱਸਦਿਆਂ ਕਿਹਾ, 'ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ। ਮੈਨੂੰ ਖ਼ੁਦ 'ਤੇ ਵਿਸ਼ਵਾਸ ਹੈ। ਹੁਣ ਮੈਂ ਵਿਦੇਸ਼ਾਂ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੀ ਹਾਂ।' ਰਾਮਬਾਈ ਦੀ ਪੋਤੀ ਸ਼ਰਮੀਲਾ ਸਾਂਗਵਾਨ ਨੇ ਕਿਹਾ ਕਿ ਇਸ ਮੁਕਾਬਲੇ ਵਿਚ ਉਨ੍ਹਾਂ ਦੀ ਦਾਦੀ ਦੇ ਬਾਅਦ ਦੂਜੇ ਸਭ ਤੋਂ ਵੱਡੇ ਦੌੜਾਕ ਦੀ ਉਮਰ 84 ਸਾਲ ਹੈ।

ਇਹ ਵੀ ਪੜ੍ਹੋ: ਮਿਆਮੀ ਏਅਰਪੋਰਟ 'ਤੇ ਧੜੰਮ ਕਰਕੇ ਡਿੱਗੇ ਜਹਾਜ਼ ਨੂੰ ਲੱਗੀ ਭਿਆਨਕ ਅੱਗ, 126 ਲੋਕ ਸਨ ਸਵਾਰ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News