ਰਾਜਾਵਤ ਨੇ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਐਂਡਰਸ ਐਂਟੋਨਸੇਨ ਨੂੰ ਹਰਾਇਆ
Saturday, Jul 06, 2024 - 01:45 PM (IST)
ਕੈਲਗਰੀ (ਕੈਨੇਡਾ), (ਭਾਸ਼ਾ) ਭਾਰਤ ਦੇ ਉਭਰਦੇ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਚੋਟੀ ਦਾ ਦਰਜਾ ਪ੍ਰਾਪਤ ਡੈਨਮਾਰਕ ਦੇ ਐਂਡਰਸ ਐਂਟੋਨਸੇਨ ਨੂੰ ਹਰਾ ਕੇ ਕੈਨੇਡੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੁਨੀਆ ਦੇ 39ਵੇਂ ਨੰਬਰ ਦੇ ਖਿਡਾਰੀ ਰਾਜਾਵਤ ਨੇ ਸ਼ੁੱਕਰਵਾਰ ਰਾਤ ਨੂੰ ਇਕ ਘੰਟਾ 19 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ 'ਚ ਐਂਟੋਨਸੇਨ ਨੂੰ 21-11, 17-21, 21-19 ਨਾਲ ਹਰਾਇਆ। ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਹਾਲਾਂਕਿ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੀ। ਤੀਜਾ ਦਰਜਾ ਪ੍ਰਾਪਤ ਜੋੜੀ ਚੀਨੀ ਤਾਈਪੇ ਦੇ ਪੇਈ ਸ਼ਾਨ ਹਸੀਹ ਅਤੇ ਐਨ-ਜ਼ੂ ਹੰਗ ਤੋਂ 18-21, 21-19, 16-21 ਨਾਲ ਹਾਰ ਗਈ।
ਰਾਜਾਵਤ ਨੇ ਐਂਟੋਨਸੇਨ ਨੂੰ ਹਰਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਇਹ ਪਹਿਲੀ ਵਾਰ ਹੈ ਜਦੋਂ 22 ਸਾਲਾ ਭਾਰਤੀ ਖਿਡਾਰੀ ਨੇ ਸਿਖਰਲੇ 10 ਵਿੱਚ ਸ਼ਾਮਲ ਕਿਸੇ ਖਿਡਾਰੀ ਨੂੰ ਹਰਾਇਆ ਹੈ। ਰਾਜਾਵਤ ਦੂਜੀ ਵਾਰ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚੇ ਹਨ ਜਿੱਥੇ ਉਨ੍ਹਾਂ ਦਾ ਸਾਹਮਣਾ ਫਰਾਂਸ ਦੇ ਐਲੇਕਸ ਲੈਨੀਅਰ ਨਾਲ ਹੋਵੇਗਾ। ਰਾਜਾਵਤ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਗੇਮ ਵਿੱਚ ਇੱਕ ਸਮੇਂ ਤੱਕ 7-4 ਨਾਲ ਅੱਗੇ ਸੀ। ਐਂਟੋਨਸੇਨ ਨੇ ਹਾਲਾਂਕਿ ਜਲਦੀ ਹੀ ਸਕੋਰ 9-9 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਲਗਾਤਾਰ ਪੰਜ ਅੰਕ ਬਣਾਏ। ਐਂਟੋਨਸੇਨ ਨੇ ਫਿਰ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਰਾਜਾਵਤ ਨੇ ਲਗਾਤਾਰ ਸੱਤ ਅੰਕ ਬਣਾ ਕੇ ਪਹਿਲੀ ਗੇਮ ਜਿੱਤ ਲਈ।
ਐਂਟੋਨਸੇਨ ਨੇ ਦੂਜੇ ਗੇਮ ਵਿੱਚ ਜ਼ਬਰਦਸਤ ਵਾਪਸੀ ਕੀਤੀ ਪਰ ਰਾਜਾਵਤ ਨੇ ਉਸ ਨੂੰ ਸਖ਼ਤ ਚੁਣੌਤੀ ਦਿੱਤੀ। ਇਕ ਸਮੇਂ ਸਕੋਰ 17-17 'ਤੇ ਬਰਾਬਰ ਸੀ ਪਰ ਡੈਨਮਾਰਕ ਦੇ ਖਿਡਾਰੀ ਨੇ ਲਗਾਤਾਰ ਚਾਰ ਅੰਕ ਬਣਾ ਕੇ ਮੈਚ ਨੂੰ ਫੈਸਲਾਕੁੰਨ ਗੇਮ 'ਤੇ ਪਹੁੰਚਾਇਆ। ਤੀਸਰੇ ਗੇਮ ਵਿੱਚ ਇੱਕ ਸਮੇਂ ਰਾਜਾਵਤ 5-1 ਨਾਲ ਅੱਗੇ ਸੀ ਪਰ ਐਂਟੋਨਸੇਨ ਅੰਤਰਾਲ ਵਿੱਚ 11-10 ਦੀ ਮਾਮੂਲੀ ਬੜ੍ਹਤ ਲੈਣ ਵਿੱਚ ਕਾਮਯਾਬ ਰਿਹਾ। ਇਸ ਤੋਂ ਬਾਅਦ ਦੋਵਾਂ ਖਿਡਾਰੀਆਂ ਨੇ ਇਕ-ਦੂਜੇ ਨੂੰ ਸਖਤ ਚੁਣੌਤੀ ਦਿੱਤੀ ਪਰ ਰਾਜਾਵਤ ਨੇ 19-19 ਦੇ ਸਕੋਰ 'ਤੇ ਲਗਾਤਾਰ ਦੋ ਅੰਕ ਬਣਾ ਕੇ ਮੈਚ ਜਿੱਤ ਲਿਆ। ਰਾਜਾਵਤ ਨੇ ਇਸ ਤੋਂ ਪਹਿਲਾਂ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੇ ਖਿਡਾਰੀਆਂ ਨੂੰ ਵੀ ਹਰਾਇਆ ਸੀ। ਉਸ ਨੇ ਵਿਸ਼ਵ ਦੇ 24ਵੇਂ ਨੰਬਰ ਦੇ ਖਿਡਾਰੀ ਡੈਨਮਾਰਕ ਦੇ ਰਾਸਮੁਸ ਗੇਮਕੇ ਅਤੇ 33ਵੇਂ ਨੰਬਰ ਦੇ ਜਾਪਾਨ ਦੇ ਤਾਕੁਮਾ ਓਬਾਯਾਸ਼ੀ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।