ਰੇਲਵੇ ਡਿਵੀਜ਼ਨਲ ਮੈਨੇਜਰ ਸੰਜੇ ਸਾਹੂ ਨੇ ਰੇਲਵੇ ਕ੍ਰਿਕਟ ਖਿਡਾਰੀ ਸਨੇਹ ਰਾਣਾ ਨੂੰ ਕੀਤਾ ਸਨਮਾਨਿਤ
Monday, Sep 09, 2024 - 06:15 PM (IST)
ਜੈਤੋ, (ਰਘੂਨੰਦਨ ਪਰਾਸ਼ਰ) : ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਹਰਫ਼ਨਮੌਲਾ ਖਿਡਾਰਨ ਸ਼੍ਰੀਮਤੀ ਸਨੇਹ ਰਾਣਾ ਬਤੌਰ ਟੀ.ਟੀ.ਆਈ. ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹੈ। ਅੱਜ ਡਿਵੀਜ਼ਨਲ ਰੇਲਵੇ ਮੈਨੇਜਰ, ਫ਼ਿਰੋਜ਼ਪੁਰ ਸ਼੍ਰੀ ਸੰਜੇ ਸਾਹੂ ਨੇ ਸ਼੍ਰੀਮਤੀ ਸਨੇਹ ਰਾਣਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਿਵੀਜ਼ਨਲ ਸਪੋਰਟਸ ਅਫ਼ਸਰ ਸ੍ਰੀ ਉਚਿੱਤ ਸਿੰਘਲ ਅਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਸ੍ਰੀ ਪਰਮਦੀਪ ਸਿੰਘ ਸੈਣੀ ਹਾਜ਼ਰ ਸਨ।
ਸ਼੍ਰੀਮਤੀ ਸਨੇਹ ਰਾਣਾ ਸਾਲ 2015 ਵਿੱਚ ਭਾਰਤੀ ਰੇਲਵੇ ਵਿੱਚ ਖੇਡ ਕੋਟੇ ਤਹਿਤ ਚੁਣੀ ਗਈ ਸੀ। ਉਹ ਮੂਲ ਰੂਪ ਵਿੱਚ ਦੇਹਰਾਦੂਨ (ਉਤਰਾਖੰਡ) ਦੀ ਰਹਿਣ ਵਾਲੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਤਿੰਨੋਂ ਫਾਰਮੈਟਾਂ, ਟੈਸਟ, ਵਨਡੇ ਅਤੇ ਟੀ-20 ਵਿੱਚ ਖੇਡਦੀ ਹੈ। ਉਸਨੇ 2014 ਵਿੱਚ ਸ਼੍ਰੀਲੰਕਾ ਦੇ ਖਿਲਾਫ ਆਪਣਾ ਡੈਬਿਊ ਕੀਤਾ ਸੀ। ਹੁਣ ਤੱਕ, ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ 4 ਟੈਸਟ, 27 ਵਨਡੇ ਅਤੇ 25 ਟੀ-20 ਮੈਚ ਖੇਡ ਚੁੱਕੀ ਹੈ। ਉਸ ਨੇ ਇਸ ਸਾਲ ਜੂਨ ਮਹੀਨੇ 'ਚ ਦੱਖਣੀ ਅਫਰੀਕਾ ਮਹਿਲਾ ਕ੍ਰਿਕਟ ਟੀਮ ਖਿਲਾਫ ਖੇਡੇ ਗਏ ਟੈਸਟ ਮੈਚ 'ਚ 10 ਵਿਕਟਾਂ ਲੈ ਕੇ ਰਿਕਾਰਡ ਬਣਾਇਆ ਸੀ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਸ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।