T-20 WC ਸੁਪਰ-8 : ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ! ਇਸ ਮਾਮਲੇ ''ਚ ਬਣੇ NO-1 ਭਾਰਤੀ ਖਿਡਾਰੀ
Friday, Feb 27, 2026 - 05:04 PM (IST)
ਸਪੋਰਟਸ ਡੈਸਕ : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਵੀਰਵਾਰ ਨੂੰ ਚੇਨਈ ਵਿਖੇ ਜ਼ਿੰਬਾਬਵੇ ਦੇ ਖਿਲਾਫ ਖੇਡੇ ਗਏ ਅਹਿਮ 'ਕਰੋ ਜਾਂ ਮਰੋ' ਵਾਲੇ ਮੈਚ ਦੌਰਾਨ ਅਰਸ਼ਦੀਪ ਸਿੰਘ ਨੇ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡਦੇ ਹੋਏ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣਨ ਦਾ ਮਾਣ ਹਾਸਲ ਕੀਤਾ ਹੈ।
ਅਰਸ਼ਦੀਪ ਸਿੰਘ ਦੇ ਹੁਣ ਟੀ-20 ਵਿਸ਼ਵ ਕੱਪ ਦੇ 19 ਮੈਚਾਂ 'ਚ 35 ਵਿਕਟਾਂ ਹੋ ਗਈਆਂ ਹਨ। ਉਨ੍ਹਾਂ ਨੇ ਇਹ ਉਪਲਬਧੀ 14.25 ਦੀ ਔਸਤ ਅਤੇ 7.33 ਦੀ ਇਕਾਨਮੀ ਰੇਟ ਨਾਲ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਜਸਪ੍ਰੀਤ ਬੁਮਰਾਹ ਦੇ ਨਾਂ ਸੀ, ਜਿਨ੍ਹਾਂ ਨੇ 23 ਮੈਚਾਂ 'ਚ 33 ਵਿਕਟਾਂ ਲਈਆਂ ਸਨ। ਜ਼ਿੰਬਾਬਵੇ ਖਿਲਾਫ ਮੈਚ ਵਿੱਚ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ 'ਚ 24 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ।
ਅੰਤਰਰਾਸ਼ਟਰੀ ਕ੍ਰਿਕਟ 'ਚ 150 ਵਿਕਟਾਂ ਪੂਰੀਆਂ
ਇਸ ਮੈਚ ਦੌਰਾਨ ਅਰਸ਼ਦੀਪ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 150 ਵਿਕਟਾਂ ਵੀ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ 96 ਮੈਚਾਂ ਦੀਆਂ 94 ਪਾਰੀਆਂ 'ਚ 151 ਵਿਕਟਾਂ ਹਾਸਲ ਕੀਤੀਆਂ ਹਨ। ਅਰਸ਼ਦੀਪ ਟੀ-20 ਅੰਤਰਰਾਸ਼ਟਰੀ 'ਚ 81 ਮੈਚਾਂ 'ਚ 126 ਵਿਕਟਾਂ ਲੈ ਕੇ ਪਹਿਲਾਂ ਹੀ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਹਨ। ਸਾਲ 2024 ਦੇ ਟੀ-20 ਵਿਸ਼ਵ ਕੱਪ 'ਚ ਵੀ ਅਰਸ਼ਦੀਪ ਸਿੰਘ 8 ਮੈਚਾਂ 'ਚ 17 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ ਸਨ। ਮੌਜੂਦਾ ਟੂਰਨਾਮੈਂਟ 'ਚ ਵੀ ਉਨ੍ਹਾਂ ਦੀ ਸ਼ਾਨਦਾਰ ਫਾਰਮ ਜਾਰੀ ਹੈ ਅਤੇ ਉਹ ਹੁਣ ਤੱਕ 5 ਮੈਚਾਂ 'ਚ 8 ਵਿਕਟਾਂ ਲੈ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ 'ਤੇ ਟੀ-20 ਵਿਸ਼ਵ ਕੱਪ 'ਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬੰਗਲਾਦੇਸ਼ ਦੇ ਸਾਕਿਬ ਅਲ ਹਸਨ (50 ਵਿਕਟਾਂ) ਦੇ ਨਾਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
