IND vs PAK:ਈਸ਼ਾਨ ਜਾਂ ਹਾਰਦਿਕ ਨਹੀਂ, ਇਸ ਖਿਡਾਰੀ ਨੇ ਜਿੱਤਿਆ ''ਇੰਪੈਕਟ ਪਲੇਅਰ ਆਫ ਦ ਮੈਚ'' ਐਵਾਰਡ

Monday, Feb 16, 2026 - 06:33 PM (IST)

IND vs PAK:ਈਸ਼ਾਨ ਜਾਂ ਹਾਰਦਿਕ ਨਹੀਂ, ਇਸ ਖਿਡਾਰੀ ਨੇ ਜਿੱਤਿਆ ''ਇੰਪੈਕਟ ਪਲੇਅਰ ਆਫ ਦ ਮੈਚ'' ਐਵਾਰਡ

ਸਪੋਰਟਸ ਡੈਸਕ: ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਹਾਈ-ਵੋਲਟੇਜ ਮੁਕਾਬਲੇ ਵਿੱਚ ਭਾਰਤ ਨੇ 61 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ ਹੈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸੁਪਰ-8 ਗੇੜ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਲਰਾਊਂਡਰ ਸ਼ਿਵਮ ਦੁਬੇ ਨੂੰ 'ਇਮਪੈਕਟ ਪਲੇਅਰ ਆਫ ਦ ਮੈਚ' ਚੁਣਿਆ ਗਿਆ।

ਡਰੈਸਿੰਗ ਰੂਮ ਵਿੱਚ ਵਿਸ਼ੇਸ਼ ਸਨਮਾਨ 
ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਮੈਚ ਖ਼ਤਮ ਹੋਣ ਤੋਂ ਬਾਅਦ ਡਰੈਸਿੰਗ ਰੂਮ ਦੇ ਅੰਦਰ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇੱਥੇ ਟੀਮ ਦੇ ਫਿਜ਼ੀਓ ਯੋਗੇਸ਼ ਕੁਮਾਰ ਨੇ ਸ਼ਿਵਮ ਦੁਬੇ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ। ਫਿਜ਼ੀਓ ਯੋਗੇਸ਼ ਕੁਮਾਰ ਨੇ ਦੁਬੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਵੱਡੇ ਮੈਚਾਂ ਵਿੱਚ ਛੱਕੇ ਲਗਾਉਣ ਅਤੇ ਅਹਿਮ ਕੈਚ ਫੜਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੁਬੇ ਨੇ ਨਾ ਸਿਰਫ਼ ਬੱਲੇਬਾਜ਼ੀ ਵਿੱਚ ਸਗੋਂ ਫੀਲਡਿੰਗ ਵਿੱਚ ਵੀ ਸ਼ਾਨਦਾਰ ਯੋਗਦਾਨ ਪਾਇਆ ਅਤੇ ਦੋ ਮਹੱਤਵਪੂਰਨ ਕੈਚ ਲਪਕੇ ਜਿਸ ਨੇ ਮੈਚ ਦਾ ਰੁਖ ਭਾਰਤ ਦੇ ਪੱਖ ਵਿੱਚ ਮੋੜ ਦਿੱਤਾ।

ਫੀਲਡਿੰਗ ਕੋਚ ਨੂੰ ਦਿੱਤਾ ਜਿੱਤ ਦਾ ਸਿਹਰਾ 
ਬੀਸੀਸੀਆਈ ਟੀਵੀ 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਸ਼ਿਵਮ ਦੁਬੇ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਮੈਚ ਸੀ। ਉਨ੍ਹਾਂ ਨੇ ਆਪਣੀ ਫੀਲਡਿੰਗ ਵਿੱਚ ਸੁਧਾਰ ਦਾ ਸਿਹਰਾ ਫੀਲਡਿੰਗ ਕੋਚ ਟੀ. ਦਿਲੀਪ ਨੂੰ ਦਿੱਤਾ। ਦੁਬੇ ਨੇ ਕਿਹਾ, "ਦਿਲੀਪ ਸਰ ਮੇਰੀ ਪ੍ਰੇਰਨਾ ਹਨ ਅਤੇ ਉਨ੍ਹਾਂ ਦੀ ਮਦਦ ਸਦਕਾ ਹੀ ਮੈਂ ਇਹ ਉਪਲਬਧੀ ਹਾਸਲ ਕਰ ਸਕਿਆ ਹਾਂ"।

ਭਾਰਤ ਦੀ ਇੱਕਤਰਫਾ ਜਿੱਤ ਦਾ ਹਾਲ
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 175/7 ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਵਿੱਚ ਈਸ਼ਾਨ ਕਿਸ਼ਨ ਨੇ 77 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪਾਂਡਿਆ ਨੇ ਸ਼ੁਰੂਆਤੀ ਓਵਰਾਂ ਵਿੱਚ ਹੀ ਪਾਕਿਸਤਾਨ ਦਾ ਸਕੋਰ 13/3 ਕਰ ਦਿੱਤਾ।  ਪਾਕਿਸਤਾਨ ਦੀ ਪੂਰੀ ਟੀਮ 18 ਓਵਰਾਂ ਵਿੱਚ ਮਹਿਜ਼ 114 ਦੌੜਾਂ 'ਤੇ ਸਿਮਟ ਗਈ। ਪਾਕਿਸਤਾਨ ਵੱਲੋਂ ਉਸਮਾਨ ਖਾਨ ਨੇ 44 ਦੌੜਾਂ ਬਣਾ ਕੇ ਕੁਝ ਸੰਘਰਸ਼ ਕੀਤਾ, ਪਰ ਦੂਜੇ ਪਾਸੇ ਤੋਂ ਉਨ੍ਹਾਂ ਨੂੰ ਕਿਸੇ ਦਾ ਸਾਥ ਨਹੀਂ ਮਿਲਿਆ। ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ ਅਤੇ ਹੁਣ ਟੀਮ ਸੁਪਰ-8 ਲਈ ਪੂਰੀ ਤਰ੍ਹਾਂ ਤਿਆਰ ਹੈ।


author

Tarsem Singh

Content Editor

Related News