ਰਾਫੇਲ ਨਡਾਲ ਨੇ ਨੋਰਿਸ ਨੂੰ ਹਰਾ ਕੇ ਜਿੱਤਿਆ ਕਰੀਅਰ ਦਾ 91ਵਾਂ ਖ਼ਿਤਾਬ
Sunday, Feb 27, 2022 - 02:20 PM (IST)
ਅਕਾਪੁਲਕੋ (ਮੈਕਸਿਕੋ)- ਰਾਫੇਲ ਨਡਾਲ ਨੇ ਇਸ ਹਫ਼ਤੇ ਦੇ ਸ਼ੁਰੂ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਕਰੀਅਰ ਦੇ ਅੰਕੜਿਆਂ ਦੀ ਜਾਣਕਾਰੀ ਨਹੀਂ ਹੈ। ਹੁਣ ਉਹ ਇਨ੍ਹਾਂ ਅੰਕੜਿਆਂ 'ਤੇ ਜ਼ਰੂਰ ਗ਼ੌਰ ਕਰਨਾ ਚਾਹੁਣਗੇ। ਸਪੇਨ ਦੇ ਇਸ 35 ਸਾਲ ਖਿਡਾਰੀ ਨੇ ਸ਼ਨੀਵਾਰ ਨੂੰ ਇੱਥੇ ਕੈਮਰੂਨ ਨੌਰਿਸ ਨੂੰ 6-4, 6-4 ਨਾਲ ਹਰਾ ਕੇ ਮੈਕਸਿਕੋ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ।
ਇਸ ਨਾਲ ਉਨ੍ਹਾਂ ਨੇ ਇਸ ਸੈਸ਼ਨ 'ਚ ਆਪਣੇ ਰਿਕਾਰਡ ਨੂੰ 15-0 'ਤੇ ਪਹੁੰਚਾ ਦਿੱਤਾ ਜੋ ਕਿ ਸੈਸ਼ਨ ਦੇ ਸ਼ੁਰੂ 'ਚ ਉਨ੍ਹਾਂ ਦਾ ਸਰਵਸ੍ਰੇਸ਼ਠ ਰਿਕਾਰਡ ਹੈ। ਨਡਾਲ ਨੇ ਆਪਣਾ 91ਵਾਂ ਏ. ਟੀ. ਪੀ. ਖ਼ਿਤਾਬ ਜਿੱਤਿਆ। ਇਹ ਉਨ੍ਹਾਂ ਦਾ ਸਾਲ 2022 'ਚ ਤੀਜਾ ਖ਼ਿਤਾਬ ਹੈ। ਉਨ੍ਹਾਂ ਨੇ ਇਸ ਸਾਲ ਆਸਟਰੇਲੀਆਈ ਓਪਨ ਦਾ ਖ਼ਿਤਾਬ ਵੀ ਜਿੱਤਿਆ ਸੀ। ਓਪਨ ਡਬਲਜ਼ 'ਚ ਸਭ ਤੋਂ ਜ਼ਿਆਦਾ ਖ਼ਿਤਾਬ ਜਿੱਤਣ ਦੇ ਮਾਮਲੇ 'ਚ ਨਡਾਲ ਹੁਣ ਤੀਜੇ ਨੰਬਰ 'ਤੇ ਕਾਬਜ਼ ਇਵਾਨ ਲੇਂਡਲ ਤੋਂ ਸਿਰਫ਼ ਤਿੰਨ ਖ਼ਿਤਾਬ ਪਿੱਛੇ ਹਨ।
ਜਿਮੀ ਕੋਨਰਸ 109 ਖ਼ਿਤਾਬ ਦੇ ਨਾਲ ਚੋਟੀ 'ਤੇ ਹਨ ਜਦਕਿ ਉਨ੍ਹਾਂ ਤੋਂ ਬਾਅਦ ਰੋਜਰ ਫੈਡਰਰ ਦਾ ਨੰਬਰ ਅਉਂਦਾ ਹੈ। ਨਡਾਲ ਦਾ ਅਕਾਪੁਲਕੋ 'ਚ ਇਹ ਕੁਲ ਚੌਥਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2005, 2013 ਤੇ 2020 'ਚ ਇੱਥੇ ਖਿਤਾਬ ਜਿੱਤਿਆ ਸੀ। ਇਸ ਦਰਮਿਆਨ ਡਬਲਜ਼ ਫਾਈਨਲ 'ਚ ਫੇਲਿਸਿਆਨੋ ਲੋਪੇਜ ਤੇ ਸਟੇਫਾਨੋਸ ਸਿਟਸਿਪਾਸ ਨੇ ਮਾਰਸੇਲੋ ਅਰੇਵਾਲੋ ਤੇ ਜੀਨ ਜੂਲੀਨ ਰੋਜ਼ਰ ਨੂੰ 7-5, 6-4 ਨਾਲ ਹਰਾ ਕੇ ਖ਼ਿਤਾਬ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।