ਮਹਾਨ ਖਿਡਾਰਨ ਪੀ.ਟੀ. ਊਸ਼ਾ ਨੇ ਹਿੰਦੀ ''ਚ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, ਸਦਨ ''ਚ ਵੱਜੀਆਂ ਤਾੜੀਆਂ
Thursday, Jul 21, 2022 - 11:32 AM (IST)
ਨਵੀਂ ਦਿੱਲੀ (ਏਜੰਸੀ)- ਰਾਜ ਸਭਾ ਵਿਚ ਨਾਮਜ਼ਦ ਪਿਲਵੁੱਲਾਕੰਡੀ ਥੇਕੇਪਰੰਬਿਲਾ ਊਸ਼ਾ (ਪੀ.ਟੀ.ਊਸ਼ਾ) ਨੇ ਬੁੱਧਵਾਰ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ ਅਤੇ ਸਦਨ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਰਾਜ ਸਭਾ ਦੇ ਸਭਾਪਤੀ ਐੱਮ. ਵੈਂਕਈਆ ਨਾਇਡੂ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਓਲੰਪੀਅਨ ਦੌੜਾਕ ਪੀ.ਟੀ.ਊਸ਼ਾ ਦਾ ਨਾਮ ਸਹੁੰ ਚੁੱਕਣ ਲਈ ਲਿਆ ਤਾਂ ਸਦਨ ਦੇ ਮੈਂਬਰਾਂ ਨੇ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਮਹਾਨ ਦੌੜਾਕ ਦਾ ਤਾੜੀਆਂ ਨਾਲ ਸਵਾਗਤ ਕੀਤਾ।
ਸ਼੍ਰੀਮਤੀ ਪੀ.ਟੀ. ਊਸ਼ਾ ਨੇ ਹਿੰਦੀ ਭਾਸ਼ਾ ਵਿਚ ਸਹੁੰ ਚੁੱਕੀ ਅਤੇ ਸ਼ਰਧਾ ਅਤੇ ਨਿਸ਼ਠਾ ਦੇ ਉਚਾਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਸਹੁੰ ਚੁੱਕਣ ਦੇ ਬਾਅਦ ਉਨ੍ਹਾਂ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਨਾਇਡੂ ਨੇ ਵੀ ਸਹੁੰ ਚੁੱਕਣ ਦੌਰਾਨ ਸ਼੍ਰੀਮਤੀ ਊਸ਼ਾ ਵੱਲੋਂ ਸ਼ਰਧਾ ਅਤੇ ਨਿਸ਼ਠਾ ਸ਼ਬਦ 'ਤੇ ਜ਼ੋਰ ਦੇਣ 'ਤੇ ਧਿਆਨ ਦਿੱਤਾ ਅਤੇ ਇਨ੍ਹਾਂ ਸ਼ਬਦਾਂ ਨੂੰ ਮੁਕਰਾਉਂਦੇ ਹੋਏ ਦੁਹਰਾਇਆ। ਉੱਘੀ ਐਥਲੀਟ ਅਤੇ ਰਾਜ ਸਭਾ ਦੀ ਨਾਮਜ਼ਦ ਮੈਂਬਰ ਪੀ.ਟੀ. ਊਸ਼ਾ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਪੀ.ਐੱਮ. ਮੋਦੀ ਨੇ ਟਵੀਟ ਕੀਤਾ, 'ਪੀ.ਟੀ. ਊਸ਼ਾ ਨੂੰ ਸੰਸਦ ਭਵਨ ਵਿੱਚ ਮਿਲ ਕੇ ਬਹੁਤ ਖੁਸ਼ੀ ਹੋਈ।'