ਪ੍ਰਿਯਮ ਦਾ ਸੈਂਕੜਾ, ਭਾਰਤੀ ਅੰਡਰ-19 ਟੀਮ 66 ਦੌੜਾਂ ਨਾਲ ਜਿੱਤੀ
Friday, Jan 03, 2020 - 10:56 PM (IST)
ਡਰਬਨ— ਕਪਤਾਨ ਪ੍ਰਿਯਮ ਗਰਗ ਦੀ 103 ਗੇਂਦਾਂ 'ਚ 110 ਦੌੜਾਂ ਦੀ ਪਾਰੀ ਨਾਲ ਭਾਰਤ ਦੀ ਅੰਡਰ-19 ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਮੇਜਬਾਨ ਦੱਖਣੀ ਅਫਰੀਕਾ ਨੂੰ 66 ਦੌੜਾਂ ਨਾਲ ਹਰਾ ਕੇ ਚਾਰ ਦੇਸ਼ਾਂ ਦੀ ਵਨ ਡੇ ਸੀਰੀਜ਼ 'ਚ ਜਿੱਤ ਨਾਲ ਸ਼ੁਰੂਆਤ ਕੀਤੀ। ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕਰਨ ਤੋਂ ਬਾਅਦ ਭਾਰਤ ਨੇ ਪ੍ਰਿਯਮ ਦੀ ਪਾਰੀ ਦੀ ਬਦੌਲਤ ਪੰਜ ਵਿਕਟਾਂ 'ਤੇ 264 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਧਰੁਵ ਜੁਰੇਲ ਨੇ 65 ਤੇ ਤਿਲਕ ਵਰਮਾ ਨੇ 42 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਬਾਅਦ ਮਹਿਮਾਨ ਨੇ ਅੰਡਰ-19 ਵਿਸ਼ਵ ਕੱਪ ਦੀ ਤਿਆਰੀਆਂ ਜਾਰੀ ਰੱਖਦੇ ਹੋਏ ਦੱਖਣੀ ਅਫਰੀਕਾ ਨੂੰ 9 ਵਿਕਟਾਂ 'ਤੇ 198 ਦੌੜਾਂ ਹੀ ਬਣਾਉਣ ਦਿੱਤੀਆਂ।
ਗੇਂਦਬਾਜ਼ਾਂ 'ਚ ਸੁਸ਼ਾਂਤ ਮਿਸ਼ਰਾ ਅਹਿਮ ਰਹੇ ਜਿਸ ਨੇ 48 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫਰੀਕਾ ਦੇ ਲਈ ਕਪਤਾਨ ਬ੍ਰਾਇਸ ਪਾਰਸਨਸ 50 ਗੇਂਦਾਂ 'ਚ 57 ਦੌੜਾਂ ਬਣਾ ਕੇ ਚੋਟੀ ਦੇ ਸਕੋਰਰ ਰਹੇ। ਹੁਣ ਭਾਰਤੀ ਟੀਮ ਦਾ ਸਾਹਮਣਾ ਐਤਵਾਰ ਨੂੰ ਜ਼ਿੰਮਬਾਬੇ ਨਾਲ ਹੋਵੇਗਾ। ਨਿਊਜ਼ੀਲੈਂਡ ਟੂਰਨਾਮੈਂਟ 'ਚ ਚੌਥੀ ਟੀਮ ਹੈ।
