ਚੈਂਪੀਅਨਸ ਟਰਾਫੀ 'ਤੇ ਫਿਰ ਤੋਂ ਕਬਜ਼ੇ ਲਈ ਇਹ ਹੈ ਟੀਮ ਇੰਡੀਆ ਦੀ ਤਿਆਰੀ

05/26/2017 2:01:51 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਚੈਂਪੀਅਨਸ ਟਰਾਫੀ 'ਚ ਹਿੱਸਾ ਲੈਣ ਲਈ ਇੰਗਲੈਂਡ ਪਹੁੰਚ ਗਈ ਹੈ। ਉਸ ਨੂੰ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੇ ਖਿਲਾਫ ਅਭਿਆਸ ਮੈਚ ਦੇ ਬਾਅਦ ਆਪਣੇ ਪਹਿਲੇ ਮੁਕਾਬਲੇ 'ਚ ਚਾਰ ਜੂਨ ਨੂੰ ਪਾਕਿਸਤਾਨ ਨਾਲ ਭਿੜਨਾ ਹੈ। ਜਿੱਥੇ ਟੀਮ ਇੰਡੀਆ ਦੇ ਕਈ ਬੱਲੇਬਾਜ਼ ਆਊਟ ਆਫ ਫਾਰਮ 'ਚ ਹਨ ਤਾਂ ਜ਼ਿਆਦਾਤਰ ਤੇਜ਼ ਗੇਂਦਬਾਜ਼ ਲੈਅ 'ਚ ਹਨ। ਜਿੱਥੇ ਟੀਮ 'ਚ ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਦੇ ਤੌਰ 'ਤੇ ਸਵਿੰਗ ਮਾਸਟਰ ਹਨ ਤਾਂ ਉਮੇਸ਼ ਯਾਦਵ ਅਤੇ ਜਸਪ੍ਰੀਤ ਬੁਮਰਾਹ ਦੇ ਤੌਰ 'ਤੇ ਪੇਸ ਮਾਸਟਰ ਵੀ ਹਨ।

ਭੁਵੀ 'ਤੇ ਰਹਿਣਗੀਆਂ ਸਾਰਿਆਂ ਦੀਆਂ ਨਜ਼ਰਾਂ
ਆਈ.ਪੀ.ਐੱਲ. 'ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਰਪਲ ਕੈਪ ਹਾਸਲ ਕਰਨ ਵਾਲੇ ਭੁਵਨੇਸ਼ਵਰ 'ਤੇ ਭਾਰਤ ਦੀਆਂ ਨਜ਼ਰਾਂ ਹੋਣਗੀਆਂ, ਕਿਉਂਕਿ ਉਹ ਇਸ ਸਮੇਂ ਸ਼ਾਨਦਾਰ ਫਾਰਮ 'ਚ ਹਨ। ਭੁਵੀ ਨੇ ਹਾਲ ਹੀ 'ਚ ਖਤਮ ਹੋਏ ਆਈ.ਪੀ.ਐੱਲ. 'ਚ 14 ਮੈਚਾਂ 'ਚ 26 ਵਿਕਟਾਂ ਲਈਆਂ ਹਨ। ਇਸ 'ਚ ਉਨ੍ਹਾਂ ਇਕ ਮੈਚ 'ਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਸੀ। ਭਾਰਤ ਲਈ 59 ਵਨਡੇ 'ਚ 61 ਵਿਕਟਾਂ ਲੈ ਚੁੱਕੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਨੂੰ ਇੰਗਲਿਸ਼ ਹਾਲਾਤ ਕਾਫੀ ਸਹੀ ਸਾਬਤ ਹੁੰਦੇ ਹਨ। ਭੁਵੀ ਭਾਰਤੀ ਪਿਚਾਂ 'ਤੇ ਸ਼ੁਰੂਆਤੀ ਓਵਰਾਂ 'ਚ ਚੰਗੀ ਸਵਿੰਗ ਕਰਾਉਂਦੇ ਹਨ ਇਸ ਲਈ ਇੰਗਲੈਂਡ 'ਚ ਤਾਂ ਉਨ੍ਹਾਂ ਤੋਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਂਦੀ ਹੈ।

ਪੁਰਾਣੀ ਗੇਂਦ ਦੇ ਉਸਤਾਦ ਹਨ ਸ਼ਮੀ
ਭਾਰਤ ਕੋਲ ਇਕ ਹੋਰ ਸਵਿੰਗ ਉਸਤਾਦ ਹੈ ਜਿਸ ਦਾ ਨਾਂ ਹੈ ਮੁਹੰਮਦ ਸ਼ਮੀ। ਜਿੱਥੇ ਭੁਵੀ ਨਵੀਂ ਗੇਂਦ ਤੋਂ ਸਵਿੰਗ ਕਰਾਉਂਦੇ ਹਨ ਤਾਂ ਉੱਥੇ ਹੀ ਸ਼ਮੀ ਪੁਰਾਣੀ ਗੇਂਦ ਤੋਂ ਸਵਿੰਗ, ਖਾਸ ਕਰਕੇ ਰਿਵਰਸ ਸਵਿੰਗ ਕਰਾਉਣ 'ਚ ਮਾਹਰ ਹਨ। ਹਾਲਾਂਕਿ ਸ਼ਮੀ 2015 'ਚ ਵਿਸ਼ਵ ਕੱਪ ਦੇ ਬਾਅਦ ਤੋਂ ਵਨਡੇ ਨਹੀਂ ਖੇਡੇ ਹਨ। ਉਨ੍ਹਾਂ ਪਿਛਲੇ ਸਾਲ ਅਮਰੀਕਾ 'ਚ ਵੈਸਟਇੰਡੀਜ਼ ਦੇ ਖਿਲਾਫ ਟੀ 20 ਅਤੇ ਭਾਰਤ 'ਚ ਇੰਗਲੈਂਡ ਖਿਲਾਫ ਟੈਸਟ ਮੈਚ ਖੇਡਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਫਿਰ ਸੱਟ ਦਾ ਸ਼ਿਕਾਰ ਹੋ ਗਏ ਸਨ। ਆਈ.ਪੀ.ਐੱਲ. ਦੇ ਦੌਰਾਨ ਉਨ੍ਹਾਂ ਵਾਪਸੀ ਕੀਤੀ। ਉਹ ਦਿੱਲੀ ਡੇਅਰਡੇਵਿਲਜ਼ ਵੱਲੋਂ ਸਿਰਫ 8 ਮੈਚ ਹੀ ਖੇਡ ਸਕੇ ਅਤੇ ਉਸ 'ਚ ਉਨ੍ਹਾਂ ਨੂੰ ਪੰਜ ਵਿਕਟਾਂ ਮਿਲਿਆ।

ਜਸਪ੍ਰੀਤ ਅਤੇ ਉਮੇਸ਼ ਦਾ ਮਿਲੇਗਾ ਸਾਥ
ਇਸ ਤੋਂ ਇਲਾਵਾ ਟੀਮ 'ਚ ਬੁਮਰਾਹ ਅਤੇ ਉਮੇਸ਼ ਯਾਦਵ ਵਰਗੇ ਤੇਜ਼ ਗੇਂਦਬਾਜ਼ ਵੀ ਹਨ। ਉਮੇਸ਼ ਦਾ ਪਿਛਲਾ ਸਾਲ ਬੇਹੱਦ ਸ਼ਾਨਦਾਰ ਗਿਆ ਹੈ। ਪਿਛਲੇ ਸਾਲ ਉਨ੍ਹਾਂ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਅਤੇ ਸੱਟਾ ਦੀ ਸ਼ਿਕਾਰ ਵੀ ਹੋਏ। ਇੰਨਾ ਹੀ ਨਹੀਂ ਉਨ੍ਹਾਂ ਕੋਲਕਾਤਾ ਨਾਈਟਰਾਈਡਰਜ਼ ਵੱਲੋਂ ਖੇਡਦੇ ਹਏ ਆਈ.ਪੀ.ਐੱਲ. 'ਚ 14 ਮੈਚਾਂ 'ਚ 17 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਇਕ ਮੈਚ 'ਚ ਚਾਰ ਵਿਕਟਾਂ ਵੀ ਹਾਸਲ ਕੀਤੀਆਂ। ਇਸ ਤੋਂ ਇਲਾਵਾ ਬੁਮਰਾਹ ਵੀ ਵਿਰਾਟ ਦਾ ਸ਼ਾਨਦਾਰ ਖਿਡਾਰੀ ਹੋ ਸਕਦਾ ਹੈ। ਯਾਰਕਰ ਅਤੇ ਖਾਸ ਤੌਰ 'ਤੇ ਡੈੱਥ ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ 'ਚ ਮਾਹਰ ਮੁੰਬਈ ਇੰਡੀਅਨਜ਼ ਦਾ ਇਹ ਨੌਜਵਾਨ ਵਿਰੋਧੀ ਟੀਮ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਬੁਮਰਾਹ ਆਈ.ਪੀ.ਐੱਲ. 'ਚ ਵਿਕਟ ਦੇ ਮਾਮਲੇ 'ਚ ਭੁਵੀ ਅਤੇ ਜੈਦੇਵ ਉਨਾਦਕਟ ਦੇ ਬਾਅਦ ਤੀਜੇ ਨੰਬਰ 'ਤੇ ਹੈ। ਉਨ੍ਹਾਂ 16 ਮੈਚਾਂ 'ਚ 20 ਵਿਕਟਾਂ ਲਈਆਂ। ਖਾਸ ਗੱਲ ਇਹ ਹੈ ਕਿ ਜਿੱਥੇ ਭੁਵੀ ਦਾ ਇਕਨਾਮੀ ਰੇਟ 7.05 ਰਿਹਾ ਤਾਂ ਬੁਮਰਾਹ ਦਾ 7.35 ਰਿਹਾ।


Related News