ਪ੍ਰਣਯ ਵਿਸ਼ਵ ਰੈਂਕਿੰਗ ’ਚ ਕਰੀਅਰ ਦੇ ਸਰਵਸ੍ਰੇਸ਼ਠ 7ਵੇਂ ਸਥਾਨ ’ਤੇ
Wednesday, May 17, 2023 - 07:56 PM (IST)

ਨਵੀਂ ਦਿੱਲੀ– ਭਾਰਤ ਦਾ ਸਟਾਰ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਮੰਗਲਵਾਰ ਨੂੰ ਜਾਰੀ ਤਾਜਾ ਬੀ. ਡਬਲਯੂ. ਐੱਫ. ਵਿਸ਼ਵ ਰੈਂਕਿੰਗ ਵਿਚ ਦੋ ਸਥਾਨਾਂ ਦੇ ਫਾਇਦੇ ਨਾਲ ਪੁਰਸ਼ ਸਿੰਗਲਜ਼ ਵਿਚ ਕਰੀਅਰ ਦੇ ਸਰਵਸ੍ਰੇਸ਼ਠ 7ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਤ੍ਰਿਸ਼ਾ ਜੌਲੀ ਤੇ ਗਾਇਤ੍ਰੀ ਗੋਪੀਚੰਦ ਦੀ ਜੋੜੀ ਵੀ ਦੋ ਸਥਾਨਾਂ ਦੇ ਫਾਇਦੇ ਨਾਲ ਤਾਜਾ ਸੂਚੀ ਵਿਚ ਦੁਨੀਆ ਦੀ 15ਵੇਂ ਨੰਬਰ ਦੀ ਮਹਿਲਾ ਡਬਲਜ਼ ਜੋੜੀ ਬਣ ਗਈ ਹੈ।
ਪ੍ਰਣਯ ਦੇ 17 ਟੂਰਨਾਮੈਂਟਾਂ ਵਿਚੋਂ 66,147 ਅੰਕ ਹਨ ਤੇ ਉਹ ਭਾਰਤ ਦਾ ਸਰਵਸ੍ਰੇਸ਼ਠ ਸਿੰਗਲਜ਼ ਖਿਡਾਰੀ ਬਣਿਆ ਹੋਇਆ ਹੈ। ਉਸ ਤੋਂ ਬਾਅਦ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਦਾ ਨੰਬਰ ਆਉਂਦਾ ਹੈ, ਜਿਹੜੀ ਮਹਿਲਾ ਸਿੰਗਲਜ਼ ਰੈਂਕਿੰਗ ਵਿਚ ਇਕ ਸਥਾਨ ਦੇ ਫਾਇਦੇ ਨਾਲ 11ਵੇਂ ਸਥਾਨ ’ਤੇ ਹੈ। ਪੁਰਸ਼ਾਂ ਦੇ ਸਿੰਗਲਜ਼ ਵਰਗ ਵਿਚ ਹੋਰਨਾਂ ਭਾਰਤੀਆਂ ਵਿਚ ਲਕਸ਼ੈ ਸੇਨ ਤੇ ਕਿਦਾਂਬੀ ਸ਼੍ਰੀਕਾਂਤ ਕ੍ਰਮਵਾਰ 22ਵੇਂ ਤੇ 23ਵੇਂ ਸਥਾਨ ’ਤੇ ਹਨ।