ਕਾਰਲਸਨ ਨੂੰ ਹਰਾਉਣ ਤੋਂ ਬਾਅਦ 2 ਹੋਰ ਬਾਜ਼ੀਆਂ ਜਿੱਤਿਆ ਪ੍ਰਗਿਆਨੰਦਾ
Wednesday, Feb 23, 2022 - 07:59 PM (IST)
ਚੇਨਈ- ਭਾਰਤੀ ਸਟਾਰ ਆਰ. ਪ੍ਰਗਿਆਨੰਦਾ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਉਣ ਤੋਂ ਬਾਅਦ ਏਅਰਥਿੰਗਸ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਵਿਚ ਆਪਣਾ ਸ਼ਾਦਨਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 10ਵੇਂ ਅਤੇ 12ਵੇਂ ਦੌਰ ਵਿਚ ਕ੍ਰਮਵਾਰ ਗ੍ਰੈਂਡ ਮਾਸਟਰ ਆਂਦ੍ਰੇ ਐਸੀਪੇਂਕੋ ਅਤੇ ਅਲੈਕਜ਼ੈਂਡਰਾ ਕੋਸਤਾਨਿਯੁਕ ਨੂੰ ਹਰਾਇਆ। ਇਸ 16 ਸਾਲਾ ਭਾਰਤੀ ਖਿਡਾਰੀ ਨੇ ਕਾਰਲਸਨ ਨੂੰ ਹਰਾਉਣ ਤੋਂ ਇਕ ਦਿਨ ਬਾਅਦ ਮੰਗਲਵਾਰ ਨੂੰ ਦੋ ਜਿੱਤਾਂ ਦਰਜ ਕੀਤੀਆਂ ਜਦਕਿ ਨੋਦਰਿਬੇਕ ਅਬਦੁਸਤੋਰੋਵ ਨਾਲ ਬਾਜ਼ੀ ਡਰਾਅ ਖੇਡੀ। ਉਸ ਨੂੰ ਹਾਲਾਂਕਿ ਰੂਸੀ ਗ੍ਰੈਂਡ ਮਾਸਟਰਸ ਇਯਾਨ ਨੈਪੋਮਨਿਆਚੀ ਹੱਥੋਂ ਹਾਰ ਝੱਲਣੀ ਪਈ।
ਪ੍ਰਗਿਆਨੰਦਾ 2 ਜਿੱਤਾਂ ਅਤੇ ਇਕ ਡਰਾਅ ਤੋਂ ਬਾਅਦ 15 ਅੰਕਾਂ ਨਾਲ 12ਵੇਂ ਸਥਾਨ 'ਤੇ ਬਣਿਆ ਹੋਇਆ ਹੈ। ਉਸ ਨੇ ਆਪਣੇ ਤੋਂ ਵੱਧ ਰੇਟਿੰਗ ਦੇ ਰੂਸੀ ਖਿਡਾਰੀ ਐਸੀਪੇਂਕੋ ਨੂੰ 42 ਚਾਲਾਂ ਵਿਚ ਹਰਾਇਆ। ਨੈਪੋਮਨਿਆਚੀ ਹੱਥੋਂ ਹਾਰ ਝੱਲਣ ਤੋਂ ਬਾਅਦ ਪ੍ਰਗਿਆਨੰਦਾ ਨੇ ਸਾਬਕਾ ਮਹਿਲਾ ਵਿਸ਼ਵ ਚੈਂਪੀਅਨ ਕੋਸਤਾਨਿਯੁਕ ਨੂੰ 63 ਚਾਲਾਂ ਤੱਕ ਚੱਲੀ ਬਾਜ਼ੀ ਵਿਚ ਹਰਾਇਆ। ਪ੍ਰਗਿਆਨੰਦਾ ਹੁਣ 13ਵੇਂ, 14ਵੇਂ ਅਤੇ 15ਵੇਂ ਦੌਰ ਵਿਚ ਜਰਮਨੀ ਦੇ ਵਿਨਸੇਂਟ ਕੇਮਰ, ਅਮਰੀਕਾ ਅਤੇ ਹੰਸ ਮੋਕ ਨੀਮੈਨ ਅਤੇ ਰੂਸ ਦੇ ਵਲਾਦੀਸਲਾਵ ਅਰਤਮੀਵ ਨਾਲ ਭਿੜੇਗਾ। ਪਿਛਲੇ ਮਹੀਨੇ ਕਾਰਲਸਨ ਹੱਥੋਂ ਵਿਸ਼ਵ ਚੈਂਪੀਅਨਸ਼ਿਪ ਦਾ ਮੁਕਾਬਲਾ ਗਵਾਉਣ ਵਾਲਾ ਨੈਪੋਨਿਆਚੀ 27 ਅੰਕ ਲੈ ਕੇ ਚੋਟੀ 'ਤੇ ਬਣਿਆ ਹੋਇਆ ਹੈ। ਕਾਰਲਸਨ ਨੇ ਪ੍ਰਗਿਆਨੰਦਾ ਹੱਥੋਂ ਮਿਲੀ ਹਾਰ ਤੋਂ ਬਾਅਦ ਵਾਪਸੀ ਕਰਦੇ ਹੋਏ ਕੁਆਂਗ ਲਿਆਮ ਲੇ ਤੇ ਯਾਨ ਕ੍ਰਿਸਟੋਫ ਡੂਡਾ ਨੂੰ ਹਰਾਇਆ ਪਰ ਉਸ ਨੂੰ ਕੈਨੇਡਾ ਦੇ ਐਰਿਕ ਹੇਨਸਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਹ 20 ਅੰਕਾਂ ਨਾਲ ਅਰਮੀਵ ਅਤੇ ਕੇਮਰ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਸ਼ੁਰੂਆਤੀ ਦੌਰ ਤੋਂ ਬਾਅਦ ਚੋਟੀ 'ਤੇ ਰਹਿਣ ਵਾਲੇ 8 ਖਿਡਾਰੀ ਨਾਕਆਊਟ ਗੇੜ ਵਿਚ ਜਗ੍ਹਾ ਬਣਾਉਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।