ਪ੍ਰਗਿਆਨੰਦਾ ਨੇ ਖੇਡਿਆ ਨਾਰਵੇ ਦੇ ਤਾਰੀ ਨਾਲ ਰੋਮਾਂਚਕ ਡਰਾਅ

11/25/2017 5:29:12 AM

ਇਟਲੀ— ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੇ 9ਵੇਂ ਰਾਊਂਡ 'ਚ ਭਾਰਤ ਦੇ ਨੰਨ੍ਹੇ ਖਿਡਾਰੀ ਪ੍ਰਗਿਆਨੰਦਾ ਦਾ ਮੁਕਾਬਲਾ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਸਭ ਤੋਂ ਅੱਗੇ ਚੱਲ ਰਹੇ ਨਾਰਵੇ ਦੇ ਆਰੀਅਨ ਤਾਰੀ ਨਾਲ ਹੋਇਆ। ਬੇਹੱਦ ਰੋਮਾਂਚਕ ਅੰਦਾਜ਼ 'ਚ ਹੋਇਆ ਇਹ ਮੈਚ ਡਰਾਅ ਖਤਮ ਹੋਇਆ, ਜਦਕਿ ਦੂਜੇ ਬੋਰਡ 'ਤੇ ਭਾਰਤ ਦੇ ਮੁਰਲੀ ਕਾਰਤੀਕੇਅਨ ਦੀ ਇਕ ਵੱਡੀ ਗਲਤੀ ਕਾਰਨ ਉਸ ਨੂੰ ਰੂਸ ਦੇ ਅਲੇਕਸੀਂਕੋ ਕਿਰਿਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਨਤੀਜਿਆਂ ਦਾ ਹੀ ਅਸਰ ਹੋਇਆ ਕਿ ਹੁਣ ਤਾਰੀ 7.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ ਤੇ ਅਲੇਕਸੀਂਕੋ ਕਿਰਿਲ ਵੀ 7.5 ਅੰਕਾਂ 'ਤੇ ਟਾਈਬ੍ਰੇਕ ਦੇ ਆਧਾਰ 'ਤੇ ਦੂਜੇ ਸਥਾਨ 'ਤੇ ਹੈ। ਪ੍ਰਗਿਆਨੰਦਾ 7 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। 
ਖਾਸ ਗੱਲ ਇਹ ਹੈ ਕਿ ਤਾਰੀ, ਅਲੇਕਸੀਂਕੋ ਤੇ ਪ੍ਰਗਿਆਨੰਦਾ ਤਿੰਨੋਂ ਹੀ ਆਪਸ 'ਚ ਮੁਕਾਬਲੇ ਖੇਡ ਚੁੱਕੇ ਹਨ ਤੇ ਬਾਕੀ ਦੋ ਰਾਊਂਡਜ਼ ਵਿਚ ਉਨ੍ਹਾਂ ਨੂੰ ਹੋਰਨਾਂ ਖਿਡਾਰੀਆਂ ਨਾਲ ਮੁਕਾਬਲਾ ਕਰਨਾ ਪਵੇਗਾ। ਅਜਿਹੀ ਸਥਿਤੀ 'ਚ ਅਗਲੇ 2 ਰਾਊਂਡ ਦਾ ਪ੍ਰਦਰਸ਼ਨ ਤੈਅ ਕਰੇਗਾ ਕਿ ਕਿਹੜਾ ਜੇਤੂ ਹੋਵੇਗਾ ਕਿਉਂਕਿ ਫਰਕ ਸਿਰਫ ਅੱਧੇ ਅੰਕ ਦਾ ਹੈ। 
9 ਰਾਊਂਡਜ਼ ਤੋਂ  ਬਾਅਦ ਹੁਣ ਚਿਦਾਂਬਰਮ 6.5 ਅੰਕਾਂ 'ਤੇ ਹੈ ਤੇ ਰਾਊਂਡ 10 'ਚ ਉਹ ਰੂਸ ਦੇ ਅਲੇਕਸੀਂਕੋਂ ਕਿਰਿਲ ਨੂੰ ਚੁਣੌਤੀ ਪੇਸ਼ ਕਰੇਗਾ। ਹੋਰਨਾਂ ਭਾਰਤੀਆਂ 'ਚ ਮੁਰਲੀ ਕਾਰਤੀਕੇਅਨ, ਸ਼ਾਰਦੁਲ ਗਾਗਰੇ ਤੇ ਵੈਭਵ ਸੂਰੀ 6 ਅੰਕਾਂ 'ਤੇ ਖੇਡ ਰਹੇ ਹਨ। ਬਾਲਗਾ ਵਰਗ 'ਚ ਭਾਰਤ ਦੀ ਤਮਗਾ ਉਮੀਦ ਹੁਣ ਲੱਗਭਗ ਖਤਮ ਹੋ ਚੁੱਕੀ ਹੈ ਤੇ ਆਕਾਂਸ਼ਾ ਹਾਗਵਾਨੇ 6, ਲਸਯਾ ਜੀ ਤੇ ਆਰ. ਵੈਸ਼ਾਲੀ 5.5 ਅੰਕਾਂ 'ਤੇ, ਜਦਕਿ ਪ੍ਰਤਿਊਸ਼ਾ ਬੋਦਾ, ਪ੍ਰਿਯੰਕਾ ਕੇ. ਤੇ ਅਰਪਿਤਾ ਮੁਖਰਜੀ 5 ਅੰਕਾਂ 'ਤੇ ਹਨ।


Related News