ਪ੍ਰਾਗ ਮਾਸਟਰਜ਼ ਸ਼ਤਰੰਜ : ਗੁਕੇਸ਼ ਨੇ ਥਾਈ ਨੂੰ ਹਰਾਇਆ, ਪਰਹਮ ਕੋਲੋਂ ਹਾਰਿਆ ਪ੍ਰਗਿਆਨੰਦਾ
Thursday, Feb 29, 2024 - 06:50 PM (IST)
ਪ੍ਰਾਗ/ਚੈੱਕ ਗਣਰਾਜ, (ਨਿਕਲੇਸ਼ ਜੈਨ)- ਪ੍ਰਾਗ ਮਾਸਟਰਜ਼ ਸ਼ਤਰੰਜ ਦੇ ਦੂਸਰੇ ਦਿਨ ਭਾਰਤ ਦੇ ਡੀ. ਗੁਕੇਸ਼ ਨੇ ਮੇਜ਼ਬਾਨ ਦੇਸ਼ ਚੈੱਕ ਗਣਰਾਜ ਦੇ ਥਾਈ ਡਾਨ ਵਾਨ ਨੂੰ ਹਰਾਉਂਦੇ ਹੋਏ ਪ੍ਰਤੀਯੋਗਿਤਾ ’ਚ ਆਪਣੀ ਦੂਸਰੀ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਉਹ ਇਕ ਵਾਰ ਫਿਰ ਲਾਈਵ ਵਿਸ਼ਵ ਰੈਂਕਿੰਗ ’ਚ ਟਾਪ-10 ਦੇ ਨੇੜੇ ਪਹੁੰਚ ਗਿਆ ਹੈ। ਗੁਕੇਸ਼ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਇੰਗਲਿਸ਼ ਓਪਨਿੰਗ ’ਚ ਹਟ ਕੇ ਖੇਡਦੇ ਹੋਏ ਇਕ ਮਜ਼ਬੂਤ ਸ਼ੁਰੂਆਤ ਕੀਤੀ ਅਤੇ 52 ਚਾਲਾਂ ’ਚ ਸ਼ਾਨਦਾਰ ਜਿੱਤ ਦਰਜ ਕੀਤੀ।
ਦਿਨ ਦੀ ਦੂਸਰੀ ਜਿੱਤ ਇਰਾਨ ਦੇ ਪਰਹਮ ਮਘਸੂਦਲੂ ਨੇ ਨਾਂ ਰਹੀ, ਜਿਸ ਨੇ ਭਾਰਤ ਦੇ ਆਰ. ਪ੍ਰਗਿਆਨੰਦ ਖਿਲਾਫ ਬੇਹੱਦ ਉਤਾਰ-ਚੜ੍ਹਾਅ ਵਾਲੀ ਬਾਜ਼ੀ ਆਪਣੇ ਨਾਂ ਕੀਤੀ। ਹੋਰ ਮੁਕਾਬਲਿਆਂ ’ਚ ਭਾਰਤ ਦੇ ਵਿਦਿਤ ਗੁਜਰਾਤੀ ਨੇ ਉਜਬੇਕਿਸਤਾਨ ਦੇ ਅਬਦੁਸਾਤੋਰੋਵ ਨੋਦਿਰਬੇਕ ਨਾਲ, ਜਰਮਨੀ ਦੇ ਨੰਬਰ ਇਕ ਖਿਡਾਰੀ ਵਿਨਸੇਂਟ ਕੇਮਰ ਨੇ ਟਾਪ ਚੈੱਕ ਗਣਰਾਜ ਦੇ ਖਿਡਾਰੀ ਡੇਵਿਡ ਨਵਾਰਾ ਨਾਲ ਅਤੇ ਰੋਮਾਨੀਆ ਦੇ ਰਿਚਰਡ ਰਾਪੋਰਟ ਨੇ ਪੋਲੈਂਡ ਦੇ ਮਾਟੇਸ ਬਾਰਤੇਲ ਨਾਲ ਬਾਜ਼ੀ ਡਰਾਅ ਖੇਡੀ। 2 ਰਾਊਂਡ ਤੋਂ ਬਾਅਦ ਫਿਲਹਾਲ ਪਰਹਮ 2 ਜਿੱਤ ਦੇ ਨਾਲ ਸਿੰਗਲ ਬੜ੍ਹਤ ’ਤੇ ਚੱਲ ਰਿਹਾ ਹੈ, ਜਦਕਿ ਭਾਰਤ ਦੇ ਡੀ ਗੁਕੇਸ਼ ਅਤੇ ਅਬਦੁਸਾਤੋਰੋਵ 1.5 ਅੰਕ ਦੇ ਨਾਲ ਸਾਂਝੇ ਦੂਸਰੇ ਸਥਾਨ ’ਤੇ ਕਾਇਮ ਹਨ।