ਪ੍ਰਗਿਆਨੰਦਾ ਨੇ ਜਿੱਤਿਆ ਪਰਾਚਿਨ ਓਪਨ ਇੰਟਰਨੈਸ਼ਨਲ ਸ਼ਤਰੰਜ ਦਾ ਖ਼ਿਤਾਬ
Sunday, Jul 17, 2022 - 04:11 PM (IST)
ਪਰਾਚਿਨ, ਸਰਬੀਆ (ਨਿਕਲੇਸ਼ ਜੈਨ)- ਭਾਰਤ ਦੇ ਯੁਵਾ ਗ੍ਰਾਂਡ ਮਾਸਟਰ ਆਰ. ਪ੍ਰਗਿਆਨੰਦਾ ਨੇ ਇਕ ਹੋਰ ਕਾਮਯਾਬੀ ਹਾਸਲ ਕਰਦੇ ਹੋਏ ਪਰਾਚਿਨ ਓਪਨ ਇੰਟਰਨੈਸ਼ਨਲ ਸ਼ਤਰੰਜ ਦਾ ਖ਼ਿਤਾਬ ਜਿੱਤ ਲਿਆ ਹੈ। 26 ਦੇਸ਼ਾਂ ਦੇ 161 ਖਿਡਾਰੀਆਂ ਦਰਮਿਆਨ 9 ਰਾਉਂਡ ਦੇ ਸਵਿਸ ਟੂਰਨਾਮੈਂਟ 'ਚ ਪ੍ਰਗਿਆਨੰਦਾ ਨੇ 7 ਜਿੱਤ ਤੇ 2 ਡਰਾਅ ਦੇ ਨਾਲ ਅਜੇਤੂ ਰਹਿੰਦੇ ਹਏ 8 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ।
7.5 ਅੰਕ ਬਣਾ ਕੇ ਰੂਸ ਦੇ ਅਲੈਕਜ਼ੈਂਡਰ ਪ੍ਰੇਡਕੇ ਦੂਜੇ ਤਾਂ 7 ਅੰਕ ਬਣਾ ਕੇ ਕਜ਼ਾਕਿਸਤਾਨ ਦੇ ਅਲੀਸ਼ੇਰ ਸੁਲੇਮੇਨੋਵ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਤੀਜੇ ਸਥਾਨ 'ਤੇ ਰਹੇ। ਪ੍ਰਗਿਆਨੰਧਾ ਨੇ 2789 ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਫਿਡੇ ਰੇਟਿੰਗ 'ਚ 13 ਅੰਕ ਜੋੜਦੇ ਹੋਏ 2661 ਅੰਕਾਂ ਦੇ ਨਾਲ ਵਿਸ਼ਵ ਰੈਂਕਿੰਗ 'ਚ 90ਵਾਂ ਸਥਾਨ ਹਾਸਲ ਕਰ ਲਿਆ ਹੈ ਤੇ ਪਹਿਲੀ ਵਾਰ ਦੁਨੀਆ ਦੇ ਚੋਟੀ ਦੇ ਕਲਾਸਿਕਲ 100 ਖਿਡਾਰੀਆਂ 'ਚ ਸ਼ਾਮਲ ਹੋ ਗਏ ਹਨ। ਭਾਰਤ ਦੇ ਹੋਰਨਾਂ ਖਿਡਾਰੀਆਂ 'ਚ 7 ਅੰਕ ਬਣਾ ਕੇ ਮੁਥਾਈਆ ਅਲ ਚੌਥੇ, 6.5 ਅੰਕ ਬਣਾ ਕੇ ਪ੍ਰਣਵ ਪੰਜਵੇਂ, ਅਰਜੁਨ ਕਲਿਆਣ ਸਤਵੇਂ ਤੇ ਹਰਸ਼ਵਰਧਨ ਜੀ. ਬੀ. ਅੱਠਵੇਂ ਸਥਾਨ 'ਤੇ ਰਹੇ।