ਫਿਨਲੈਂਡ ਦੇ ਘੱਟ ਉਛਾਲ ਵਾਲੇ ਤੇ ਹੌਲੀ ਕੋਰਟ ''ਚ ਭਾਰਤੀ ਡੇਵਿਸ ਕੱਪ ਟੀਮ ਨੂੰ ਹੈਰਾਨੀਜਨਕ ਸੁਖਦ ਤਜਰਬਾ

Wednesday, Sep 15, 2021 - 11:38 AM (IST)

ਸਪੋਰਟਸ ਡੈਸਕ- ਭਾਰਤੀ ਟੈਨਿਸ ਟੀਮ ਨੂੰ ਉਸ ਸਮੇਂ ਹੈਰਾਨੀ ਹੋਈ ਜਦ ਉਸ ਨੇ ਦੇਖਿਆ ਕਿ ਫਿਨਲੈਂਡ ਖ਼ਿਲਾਫ਼ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਲਈ ਇੰਡੋਰ ਹਾਰਟ ਕੋਰਟ ਉਨ੍ਹਾਂ ਦੀ ਉਮੀਦ ਮੁਤਾਬਕ ਤੇਜ਼ ਨਹੀਂ ਹੈ ਤੇ ਉਸ ਵਿਚ ਘੱਟ ਉਛਾਲ ਹੈ। ਭਾਰਤੀ ਖਿਡਾਰੀਆਂ ਨੂੰ ਮੰਗਲਵਾਰ ਨੂੰ ਮੈਚ ਕੋਰਟ 'ਤੇ ਅਭਿਆਸ ਕਰਨ ਦਾ ਮੌਕਾ ਮਿਲਿਆ। 

ਇਹ ਕੋਰਟ ਆਈਸ ਹਾਕੀ ਸਟੇਡੀਅਮ ਵਿਚ ਅਸਥਾਈ ਤੌਰ 'ਤੇ ਤਿਆਰ ਕੀਤਾ ਗਿਆ ਹੈ ਤੇ ਪਹਿਲੀ ਹਿੱਟ ਤੋਂ ਬਾਅਦ ਪੱਤਾ ਲੱਗਾ ਕਿ ਇਸ ਨਾਲ ਭਾਰਤੀ ਟੀਮ ਨੂੰ ਫ਼ਾਇਦਾ ਮਿਲ ਸਕਦਾ ਹੈ। ਭਾਰਤ ਦੇ ਗ਼ੈਰ ਖਿਡਾਰੀ ਕਪਤਾਨ ਰੋਹਿਤ ਰਾਜਪਾਲ ਨੇ ਕਿਹਾ ਕਿ ਉਹ ਤੇਜ਼ ਹਾਰਡ ਕੋਰਟ ਦੀ ਉਮੀਦ ਕਰ ਰਹੇ ਸਨ ਪਰ ਅਸਲ ਵਿਚ ਅਜਿਹਾ ਨਹੀਂ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਬਰਫ ਨੂੰ ਬਾਹਰ ਕੱਢ ਕੇ ਲੱਕੜੀ ਦੇ ਤਖਤੇ ਲਾਏ ਹਨ ਤੇ ਉਨ੍ਹਾਂ ਉੱਪਰ ਕੋਰਟ ਵਿਛਾ ਦਿੱਤਾ। ਇਸ ਲਈ ਇਸ ਵਿਚ ਘੱਟ ਉਛਾਲ ਹੈ ਤੇ ਸਾਡੇ ਮੁਤਾਬਕ ਹੈ ਪਰ ਕੋਰਟ ਹੌਲੀ ਵੀ ਹੈ ਜੋ ਸਾਡੇ ਲਈ ਚੰਗਾ ਨਹੀਂ ਹੈ।

ਯੂਰਪੀ ਵੱਧ ਕਲੇ ਕੋਰਟ 'ਤੇ ਖੇਡਦੇ ਹਨ ਜੋ ਹੌਲੀ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਰੈਲੀਆਂ ਪਸੰਦ ਹਨ ਤੇ ਇਹ ਉਨ੍ਹਾਂ ਦਾ ਮਜ਼ਬੂਤ ਪੱਖ ਹੈ। ਸਾਡੇ ਭਾਰਤੀ ਖਿਡਾਰੀ ਅਜਿਹਾ ਨਹੀਂ ਕਰਦੇ ਹਨ ਪਰ ਘੱਟ ਉਛਾਲ ਨਾਲ ਯਕੀਨੀ ਤੌਰ 'ਤੇ ਸਾਨੂੰ ਫ਼ਾਇਦਾ ਮਿਲੇਗਾ ਤੇ ਅਸੀਂ ਉਸੇ ਮੁਤਾਬਕ ਰਣਨੀਤੀ ਬਣਾਵਾਂਗੇ। ਰਾਜਪਾਲ ਤੋਂ ਪੁੱਛਿਆ ਗਿਆ ਕਿ ਰਾਮਕੁਮਾਰ ਰਾਮਨਾਥਨ ਤੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਘੱਟ ਉਛਾਲ ਵਾਲਾ ਕੋਰਟ ਕਿਵੇਂ ਫ਼ਾਇਦਾ ਪਹੁੰਚਾਏਗਾ ਜਦਕਿ ਉਨ੍ਹਾਂ ਨੇ ਆਪਣਾ ਵੱਧ ਸਮਾਂ ਯੂਰਪ ਵਿਚ ਅਭਿਆਸ ਕਰਦੇ ਹੋਏ ਜਾਂ ਖੇਡਦੇ ਹੋਏ ਬਿਤਾਇਆ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਰਾਮਕੁਮਾਰ ਤੇ ਪ੍ਰਜਨੇਸ਼ ਦੋਵੇਂ ਸਪਾਟ ਸ਼ਾਟ ਲਾਉਂਦੇ ਹਨ ਤੇ ਘੱਟ ਉਛਾਲ ਨਾਲ ਉਨ੍ਹਾਂ ਨੂੰ ਮਦਦ ਮਿਲੇਗੀ। ਤੁਸੀਂ ਵੱਧ ਉਛਾਲ ਵਾਲੇ ਕੋਰਟ 'ਤੇ ਅਜਿਹਾ ਨਹੀਂ ਕਰ ਸਕਦੇ। ਦੋ ਦਿਨਾ ਮੁਕਾਬਲਾ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ। ਇਸ ਮੁਕਾਬਲੇ ਦਾ ਜੇਤੂ 2022 ਵਿਚ ਹੋਣ ਵਾਲੇ ਕੁਆਲੀਫਾਇਰਜ਼ ਲਈ ਕੁਆਲੀਫਾਈ ਕਰੇਗਾ ਜਦਕਿ ਹਾਰਨ ਵਾਲੀ ਟੀਮ ਅਗਲੇ ਸਾਲ ਵਿਸ਼ਵ ਗਰੁੱਪ ਇਕ ਵਿਚ ਆਪਣਾ ਸਥਾਨ ਕਾਇਮ ਰੱਖਣ ਲਈ ਪਲੇਆਫ ਵਿਚ ਖੇਡੇਗੀ।


Tarsem Singh

Content Editor

Related News