ਪਰਮਜੀਤ ਨੇ ਪੈਰਾ ਪਾਵਰ ਲਿਫਟਿੰਗ ਵਰਲਡ ਕੱਪ-2024 ’ਚ ਜਿੱਤਿਆ ਚਾਂਦੀ ਦਾ ਤਮਗਾ

Tuesday, Mar 26, 2024 - 09:21 PM (IST)

ਪਰਮਜੀਤ ਨੇ ਪੈਰਾ ਪਾਵਰ ਲਿਫਟਿੰਗ ਵਰਲਡ ਕੱਪ-2024 ’ਚ ਜਿੱਤਿਆ ਚਾਂਦੀ ਦਾ ਤਮਗਾ

ਜੈਤੋ, (ਪਰਾਸ਼ਰ)- ਅੱਜ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਮੁੱਖ ਦਫਤਰ ਜੈਤੋ ਵਿਖੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋਂ ਅਤੇ ਪ੍ਰਮੋਦ ਧੀਰ ਜੈਤੋ ਨੇ ਦੱਸਿਆ ਕਿ ਇਜਿਪਟ ਵਿਖੇ ਚੱਲ ਰਹੀ ਈ. ਆਈ. ਸ਼ੇਖ 2024 ਪੈਰਾ ਪਾਵਰ ਲਿਫਟਿੰਗ ਵਰਲਡ ਕੱਪ ਚੈਂਪੀਅਨਸ਼ਿਪ ’ਚ ਪੰਜਾਬ ਦੇ ਖਿਡਾਰੀ ਪਰਮਜੀਤ ਕੁਮਾਰ (ਸੰਨੀ) ਨੇ ਚਾਂਦੀ ਦਾ ਤਮਗਾ ਜਿੱਤ ਕੇ ਪੈਰਾਲੰਪਿਕ ਗੇਮਜ਼ 2024 ਪੈਰਿਸ ਲਈ ਕੁਆਲੀਫਾਈ ਕਰ ਕੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਪਰਮਜੀਤ ਕੁਮਾਰ (ਸੰਨੀ) ਪਹਿਲਾਂ ਵੀ ਪੈਰਾ ਪਾਵਰ ਲਿਫਟਿੰਗ ’ਚ ਪੰਜਾਬ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੈਡਲ ਜਿੱਤ ਚੁੱਕਾ ਹੈ।

ਪਰਮਜੀਤ ਕੁਮਾਰ ਨੇ 49 ਕਿਲੋ ਭਾਰ ਵਰਗ ’ਚ ਖੇਡ ਕੇ 166 ਕਿਲੋ ਭਾਰ ਚੁੱਕ ਕੇ ਤਾਂਬੇ ਦਾ ਮੈਡਲ ਜਿੱਤਿਆ ਅਤੇ ਉਸ ਨੇ ਵਰਲਡ ਦੀ ਰੈਂਕਿੰਗ ’ਚ 6ਵੇਂ ਰੈਂਕ ’ਤੇ ਪਹੁੰਚ ਕੇ ਪੈਰਾਲੰਪਿਕ ਗੇਮਜ਼ 2024 ਪੈਰਿਸ ’ਚ ਖੇਡਣ ਲਈ ਭਾਰਤ ਵੱਲੋਂ ਆਪਣਾ ਸਥਾਨ ਪੱਕਾ ਕੀਤਾ। ਉਹ ਪੰਜਾਬ ਦੇ ਜ਼ਿਲਾ ਜਲੰਧਰ, ਤਹਿਸੀਲ ਫਿਲੌਰ, ਪਿੰਡ ਹਰੀਪੁਰ ਖਾਲਸਾ ਦਾ ਰਹਿਣ ਵਾਲਾ ਹੈ। ਪਰਮਜੀਤ ਕੁਮਾਰ ਦੇ ਪਿਤਾ ਸ਼੍ਰੀ ਸ਼ਿੰਗਾਰਾ ਰਾਮ ਅਤੇ ਮਾਤਾ ਸ਼੍ਰੀਮਤੀ ਨਛੱਤਰ ਕੌਰ ਤੇ ਉਸ ਦੇ ਵੱਡੇ ਭਰਾ ਅਤੇ ਛੋਟੀ ਭੈਣ ਨੇ ਪਰਮਜੀਤ ਕੁਮਾਰ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕੀਤੀ। 

ਪਰਮਜੀਤ ਕੁਮਾਰ ਇਸ ਸਮੇਂ ਗਾਂਧੀ ਨਗਰ ਗੁਜਰਾਤ ਵਿਖੇ ਸਪੋਰਟਸ ਅਥਾਰਟੀ ਆਫ ਇੰਡੀਆ ਅਧੀਨ ਆਪਣੇ ਅੰਤਰਰਾਸ਼ਟਰੀ ਪੈਰਾ ਪਾਵਰ ਲਿਫਟਿੰਗ ਕੋਚ ਰਜਿੰਦਰ ਸਿੰਘ ਰਹੇਲੂ ਤੋਂ ਕੋਚਿੰਗ ਲੈ ਰਿਹਾ ਹੈ। ਇਸ ਮੌਕੇ ਪੰਜਾਬ ਪੈਰਾ ਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ, ਡਾਕਟਰ ਰਮਨਦੀਪ ਸਿੰਘ, ਦਵਿੰਦਰ ਸਿੰਘ ਟਫੀ ਬਰਾੜ, ਇੰਡੀਆ ਟੀਮ ਦੇ ਅੰਤਰਰਾਸ਼ਟਰੀ ਪੈਰਾ ਪਾਵਰ ਲਿਫਟਿੰਗ ਕੋਚ ਰਜਿੰਦਰ ਸਿੰਘ ਰਹੇਲੂ, ਜਗਰੂਪ ਸਿੰਘ ਸੂਬਾ ਬਰਾੜ, ਅਮਨਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਸਇੰਦਰ ਸਿੰਘ, ਜਸਵੰਤ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਆਦਿ ਨੇ ਸੰਨੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਸ ਨੂੰ ਪੈਰਾ ਓਲੰਪਿਕ ਗੇਮਜ਼ 2024 ’ਚ ਭਾਰਤ ਲਈ ਮੈਡਲ ਜਿੱਤ ਕੇ ਆਉਣ ਲਈ ਅਤੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।


author

Tarsem Singh

Content Editor

Related News