ਮਿੱਠੇ ਤੋਂ ਤੌਬਾ, ਰਾਤਾਂ ਨੂੰ ਜਾਗੇ, ਪੈਰਾ ਜੈਵਲਿਨ ਥ੍ਰੋਅਰ ਸੁਮਿਤ ਨੇ ਦੱਸੀ ਸੋਨ ਤਮਗਾ ਜਿੱਤਣ ਦੀ ਕਹਾਣੀ
Tuesday, Sep 03, 2024 - 05:29 PM (IST)
ਪੈਰਿਸ : ਪਿਛਲੇ ਇੱਕ ਦਹਾਕੇ ਤੋਂ ਪਿੱਠ ਦੀ ਸੱਟ ਨਾਲ ਜੂਝ ਰਹੇ ਭਾਰਤੀ ਪੈਰਾ ਜੈਵਲਿਨ ਥਰੋਅਰ ਸੁਮਿਤ ਅੰਤਿਲ ਦੇ ਪੈਰਿਸ ਪੈਰਾਲੰਪਿਕ ਸੋਨ ਤਮਗੇ ਦੇ ਪਿੱਛੇ ਕੁਰਬਾਨੀਆਂ ਦੀ ਇੱਕ ਲੰਬੀ ਕਹਾਣੀ ਹੈ ਜਿਸ ਵਿੱਚ ਮਿੱਠਾ ਖਾਣਾ ਛੱਡਣਾ ਅਤੇ ਕਈ ਰਾਤਾਂ ਜਾਗ ਦੇ ਬਿਤਾਉਣੀਆਂ ਸ਼ਾਮਲ ਹੈ। ਪੈਰਾਲੰਪਿਕ ਤੋਂ ਪਹਿਲਾਂ ਤੇਜ਼ੀ ਨਾਲ ਭਾਰ ਵਧਣ ਦੇ ਖਤਰੇ ਕਾਰਨ ਸੁਮਿਤ ਨੂੰ ਆਪਣੀ ਮਨਪਸੰਦ ਮਠਿਆਈ ਤੋਂ ਪਰਹੇਜ਼ ਕਰਨਾ ਪਿਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਹਾਂਗਜ਼ੂ ਪੈਰਾ ਏਸ਼ੀਆਈ ਖੇਡਾਂ 'ਚ ਲੱਗੀ ਪਿੱਠ ਦੀ ਸੱਟ ਵੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਸੀ। ਫਿਜ਼ੀਓ ਦੀ ਸਲਾਹ 'ਤੇ ਸੁਮਿਤ ਨੇ ਮਠਿਆਈ ਖਾਣੀ ਛੱਡ ਦਿੱਤੀ ਅਤੇ ਉਹ ਸਖਤ ਡਾਈਟਿੰਗ 'ਤੇ ਸਨ। ਉਨ੍ਹਾਂ ਨੇ ਦੋ ਮਹੀਨਿਆਂ ਵਿੱਚ 12 ਕਿਲੋ ਭਾਰ ਘਟਾਇਆ। ਉਨ੍ਹਾਂ ਦੀ ਸਖਤ ਮਿਹਨਤ ਦਾ ਇੱਥੇ ਫਲ ਮਿਲਿਆ ਜਦੋਂ ਉਹ ਪੈਰਾਲੰਪਿਕ ਖਿਤਾਬ ਬਰਕਰਾਰ ਰੱਖਣ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ। ਸੁਮਿਤ ਨੇ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ 70.59 ਮੀਟਰ ਦਾ ਨਵਾਂ ਰਿਕਾਰਡ ਵੀ ਬਣਾਇਆ।
ਸੋਨ ਤਮਗਾ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕਿਹਾ, 'ਮੈਂ 10 ਤੋਂ 12 ਕਿਲੋ ਭਾਰ ਘਟਾਇਆ ਹੈ। ਮੇਰੇ ਫਿਜ਼ੀਓ ਵਿਪਿਨ ਭਾਈ ਨੇ ਮੈਨੂੰ ਦੱਸਿਆ ਕਿ ਭਾਰ ਨਾਲ ਮੇਰੀ ਰੀੜ੍ਹ ਦੀ ਹੱਡੀ 'ਤੇ ਦਬਾਅ ਬਣ ਰਿਹਾ ਹੈ। ਇਸ ਲਈ ਮੈਂ ਮਿੱਠਾ ਖਾਣਾ ਬੰਦ ਕਰ ਦਿੱਤਾ ਜੋ ਮੈਨੂੰ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਸਹੀ ਖੁਰਾਕ ਲੈਣ 'ਤੇ ਧਿਆਨ ਦਿੱਤਾ। ਸੁਮਿਤ ਨੇ ਕਿਹਾ, 'ਮੈਂ ਪੂਰੀ ਤਰ੍ਹਾਂ ਫਿੱਟ ਨਹੀਂ ਸੀ। ਮੈਨੂੰ ਮੇਰੇ ਥਰੋਅ ਤੋਂ ਪਹਿਲਾਂ ਦਰਦ ਨਿਵਾਰਕ ਦਵਾਈਆਂ ਲੈਣੀਆਂ ਪਈਆਂ। ਟ੍ਰੇਨਿੰਗ ਦੌਰਾਨ ਵੀ ਮੈਂ ਚੰਗੀ ਹਾਲਤ ਵਿੱਚ ਨਹੀਂ ਸੀ। ਸਭ ਤੋਂ ਪਹਿਲਾਂ ਮੈਨੂੰ ਆਪਣੀ ਪਿੱਠ ਦਾ ਇਲਾਜ ਕਰਵਾਉਣਾ ਪਵੇਗਾ। ਮੈਂ ਠੀਕ ਤਰ੍ਹਾਂ ਨਾਲ ਆਰਾਮ ਵੀ ਨਹੀਂ ਕਰ ਪਾ ਰਿਹਾ ਹਾਂ। ਮੈਂ ਬਹੁਤ ਧਿਆਨ ਨਾਲ ਖੇਡਿਆ ਤਾਂ ਕਿ ਸੱਟ ਵੱਧ ਨਾ ਜਾਵੇ।
ਸੁਮਿਤ ਨੇ ਕਿਹਾ, 'ਮੈਂ ਕਰਾਸਫਿੱਟ ਵਰਕਆਊਟ ਵੀ ਸ਼ੁਰੂ ਕੀਤਾ ਸੀ। ਮੈਨੂੰ ਕੋਚ ਅਰੁਣ ਕੁਮਾਰ ਦੇ ਨਾਲ ਦੋ ਸਾਲ ਹੋ ਗਏ ਹਨ। ਉਹ ਜਾਣਦੇ ਹਨ ਕਿ ਮੈਨੂੰ ਕਦੋਂ ਅਤੇ ਕੀ ਚਾਹੀਦਾ ਹੈ। ਮੈਂ ਉਸ ਨੂੰ ਰਾਤ ਨੂੰ ਜਾਗ ਕੇ ਰਣਨੀਤੀ ਬਣਾਉਂਦੇ ਦੇਖਿਆ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਨਾਲ ਅਜਿਹੀ ਟੀਮ ਹੈ। ਸੁਮਿਤ ਨੇ ਕਿਹਾ ਕਿ ਲੋਕਾਂ ਦੀਆਂ ਉਮੀਦਾਂ ਨੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ ਪਰ ਹੁਣ ਉਹ ਰਾਹਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, 'ਮੈਂ ਪਿਛਲੀਆਂ ਤਿੰਨ ਰਾਤਾਂ ਤੋਂ ਸੁੱਤਾ ਨਹੀਂ ਹਾਂ। ਮੈਂ ਲੋਕਾਂ ਦੀਆਂ ਉਮੀਦਾਂ ਦੇਖ ਕੇ ਨਰਵਸ ਸੀ। ਟੋਕੀਓ ਪੈਰਾਲੰਪਿਕ ਵਿੱਚ ਮੈਨੂੰ ਕੋਈ ਨਹੀਂ ਜਾਣਦਾ ਸੀ, ਇਸ ਲਈ ਇੰਨਾ ਦਬਾਅ ਨਹੀਂ ਸੀ। ਮੈਂ ਸ਼ਾਂਤੀ ਨਾਲ ਸੋ ਰਿਹਾ ਸੀ ਪਰ ਇੱਥੇ ਪਿਛਲੇ ਤਿੰਨ-ਚਾਰ ਦਿਨ ਤਣਾਅਪੂਰਨ ਸਨ।