ਹਾਰਦਿਕ 5ਵਾਂ ਗੇਂਦਬਾਜ਼ ਬਣਦੈ ਤਾਂ ਪੰਤ ਅਤੇ ਕਾਰਤਿਕ ਦੋਵੇਂ ਖੇਡ ਸਕਦੇ ਹਨ: ਗਾਵਸਕਰ
Friday, Oct 21, 2022 - 11:11 AM (IST)

ਮੁੰਬਈ (ਭਾਸ਼ਾ)- ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਅਗਲੇ ਟੀ-20 ਵਿਸ਼ਵ ਕੱਪ ’ਚ ਜੇਕਰ ਹਾਰਦਿਕ ਪੰਡਯਾ ਨੂੰ ਭਾਰਤ 5ਵਾਂ ਗੇਂਦਬਾਜ਼ੀ ਬਦਲ ਬਣਾਉਂਦਾ ਹੈ ਤਾਂ ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ ਦੋਵਾਂ ਨੂੰ ਅੰਤਿਮ ਇਲੈਵਨ ’ਚ ਖਿਡਾ ਸਕਦਾ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਐਤਵਾਰ ਨੂੰ ਆਪਣੇ ਅਭਿਆਨ ਦੀ ਸ਼ੁਰੂਆਤ ਪਾਕਿਸਤਾਨ ਖ਼ਿਲਾਫ਼ ਕਰੇਗੀ। ਟੀਮ ਇੰਡੀਆ ਕੋਲ ਵਿਕਟਕੀਪਰ ਬੱਲੇਬਾਜ਼ ਦੇ ਰੂਪ ’ਚ ਪੰਤ ਅਤੇ ਕਾਰਤਿਕ ਬਦਲ ਹਨ।
ਟੀਮ ਮੈਨੇਜਮੈਂਟ ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਟੀਮ ਦੇ ਸੁਮੇਲ ’ਤੇ ਵਿਚਾਰ ਕਰ ਰਹੀ ਹੋਵੇਗੀ। ਇਸ ਤਰ੍ਹਾਂ 73 ਸਾਲ ਦੇ ਸਾਬਕਾ ਬੱਲੇਬਾਜ਼ ਗਾਵਸਕਰ ਦਾ ਮੰਨਣਾ ਹੈ ਕਿ ਦੋਵਾਂ ਨੂੰ ਅੰਤਿਮ ਇਲੈਵਨ ’ਚ ਥਾਂ ਮਿਲ ਸਕਦੀ ਹੈ। ਗਾਵਸਕਰ ਨੇ ਕਿਹਾ ਕਿ ਜੇਕਰ ਉਹ 6 ਗੇਂਦਬਾਜ਼ਾਂ ਦੇ ਨਾਲ ਉਤਰਨ ਦਾ ਫ਼ੈਸਲਾ ਕਰਦੇ ਹਨ ਅਤੇ ਹਾਰਦਿਕ ਪੰਡਯਾ 6ਵਾਂ ਗੇਂਦਬਾਜ਼ ਹੁੰਦਾ ਹੈ ਤਾਂ ਫਿਰ ਪੰਤ ਨੂੰ ਸ਼ਾਇਦ ਟੀਮ ’ਚ ਜਗ੍ਹਾ ਨਾ ਮਿਲੇ ਪਰ ਜੇਕਰ ਉਹ ਹਾਰਦਿਕ ਪੰਡਯਾ ਨੂੰ 5ਵੇਂ ਗੇਂਦਬਾਜ਼ ਦੇ ਰੂਪ ’ਚ ਉਤਾਰਨ ਦਾ ਫ਼ੈਸਲਾ ਕਰਦਾ ਹੈ ਤਾਂ ਰਿਸ਼ਭ ਪੰਤ ਕੋਲ 6ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਦਾ ਮੌਕਾ ਹੋਵੇਗਾ ਅਤੇ ਕਾਰਤਿਕ 7ਵੇਂ ਨੰਬਰ ’ਤੇ ਆ ਸਕਦਾ ਹੈ, ਜਿਸ ਤੋਂ ਬਾਅਦ 4 ਗੇਂਦਬਾਜ਼ ਉਤਰਨਗੇ। ਇਸ ਤਰ੍ਹਾਂ ਹੋ ਸਕਦਾ ਹੈ ਪਰ ਇਸ ਦੇ ਲਈ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ।