ਪਾਕਿਸਤਾਨ ਕ੍ਰਿਕਟ ਬੋਰਡ ICC ਦੇ ਪੰਜ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਦਾ ਦਾਅਵਾ ਪੇਸ਼ ਕਰੇਗਾ

Saturday, Jun 12, 2021 - 07:41 PM (IST)

ਪਾਕਿਸਤਾਨ ਕ੍ਰਿਕਟ ਬੋਰਡ ICC ਦੇ ਪੰਜ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਦਾ ਦਾਅਵਾ ਪੇਸ਼ ਕਰੇਗਾ

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) 2024 ਤੋਂ 2031 ਦੇ ਵਕਫ਼ੇ ਦੌਰਾਨ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੇ ਪੰਜ ਪ੍ਰਮੁੱਖ ਟੂਰਨਾਮੈਂਟਸ ਦੀ ਮੇਜ਼ਬਾਨੀ ਲਈ ਦਾਅਵਾ ਪੇਸ਼ ਕਰੇਗਾ ਜਿਸ ’ਚ ਚੈਂਪੀਅਨਜ਼ ਟਰਾਫ਼ੀ ਤੇ ਟੀ-20 ਵਰਲਡ ਕੱਪ ਦਾ ਇਕ ਸੈਸ਼ਨ ਵੀ ਸ਼ਾਮਲ ਹੈ। ਇਕ ਅਧਿਕਾਰਤ ਸੂਤਰ ਦੇ ਮੁਤਾਬਕ ਪੀ.ਸੀ.ਬੀ. ਆਈ. ਸੀ. ਸੀ. ਆਯੋਜਨਾਂ ਦੇ ਲਈ ਆਪਣੇ ਟੈਂਡਰ ਤਿਆਰ ਕਰਨ ਦੀ ਪ੍ਰਕਿਰਿਆ ’ਚ ਹੈ, ਜਿਨ੍ਹਾਂ ਨੂੰ ਛੇਤੀ ਹੀ ਜਮ੍ਹਾ ਕੀਤਾ ਜਾਣਾ ਹੈ।

ਪੀ. ਸੀ. ਬੀ. ਦੇ ਸੁਤਰ ਨੇ ਦੱਸਿਆ ਕਿ ਆਈ. ਸੀ. ਸੀ. ਨੇ ਆਪਣੇ ਮੈਂਬਰ ਦੇਸ਼ਾਂ ਤੋਂ ਐਕਸਪ੍ਰੈਸ਼ਨ ਆਫ਼ ਇੰਟਰੇਸਟ (ਟੂਰਨਾਮੈਂਟ ਆਯੋਜਿਤ ਕਰਨ ਦੀ ਦਿਲਚਸਪੀ) ਦੀ ਮੰਗ ਕੀਤੀ ਹੈ। ਇਕ ਵਾਰ ਬੋਰਡ ਆਪਣੇ ਟੈਂਡਰ ਜਮ੍ਹਾ ਕਰ ਦੇਵੇ ਤਾਂ ਆਈ. ਸੀ. ਸੀ. ਦੀ ਇਕ ਆਜ਼ਾਦ ਕਮੇਟੀ ਇਸ ਸਾਲ ਦਸੰਬਰ ’ਚ ਇਸ ਦਾ ਆਕਲਨ ਕਰੇਗੀ ਤੇ ਇਸ ’ਤੇ ਆਖ਼ਰੀ ਫ਼ੈਸਲਾ ਲਵੇਗੀ। ਪਾਕਿਸਤਾਨ ਪਹਿਲਾਂ ਹੀ ਕੁਝ ਆਈ. ਸੀ. ਸੀ. ਆਯੋਜਨਾਂ ਦੀ ਸਾਂਝੇ ਤੌਰ ’ਤੇ ਮੇਜ਼ਬਾਨੀ ਕਰਨ ਲਈ ਅਮੀਰਾਤ ਕ੍ਰਿਕਟ ਬੋਰਡ ਦੇ ਨਾਲ ਗੱਲਬਾਤ ਕਰ ਚੁੱਕਾ ਹੈ। ਲਗਭਗ 10 ਸਾਲਾਂ ਬਾਅਦ 2019 ’ਚ ਕੌਮਾਂਤਰੀ ਕ੍ਰਿਕਟ ਦੀ ਪਾਕਿਸਤਾਨ ’ਚ ਵਾਪਸੀ ਹੋਈ।

ਮਾਰਚ 2009 ’ਚ ਸ਼੍ਰੀਲੰਕਾਈ ਟੀਮ ’ਤੇ ਅੱਤਵਾਦੀ ਹਮਲੇ ਦੇ ਬਾਅਦ ਚੋਟੀ ਦੀਆਂ ਟੀਮਾਂ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਦੇਸ਼ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੁਰੱਖਿਆ ਕਾਰਨਾਂ ਨਾਲ ਪਾਕਿਸਤਾਨ ਨੂੰ 2009 ਦੇ ਚੈਂਪੀਅਨਸ ਟਰਾਫ਼ੀ ਤੇ 2011 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਹੱਥ ਧੋਣਾ ਪਿਆ ਸੀ।

ਸੂਤਰ ਨੇ ਕਿਹਾ ਕਿ ਹੁਣ ਸਥਿਤੀ ਵੱਖ ਹੈ ਤੇ ਟੀਮਾਂ ਪਾਕਿਸਤਾਨ ਦਾ ਦੌਰਾ ਕਰਨ ਨੂੰ ਤਿਆਰ ਹਨ ਤੇ ਅਸੀਂ ਦੇਸ਼ ’ਚ ਟੈਸਟ ਮੈਚਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ। ਨਿਊਜ਼ੀਲੈਂਡ, ਇੰਗਲੈਂਡ ਤੇ ਵੈਸਟਇੰਡੀਜ਼ ਇਸ ਸਾਲ ਦੌਰੇ ਲਈ ਤਿਆਰ ਹਨ, ਇਸ ਲਈ ਚੀਜ਼ਾਂ ਹੁਣ ਬਿਹਤਰ ਸਥਿਤੀ ’ਚ ਹਨ। ਪਾਕਿਸਤਾਨ ਨੇ ਆਖ਼ਰੀ ਵਾਰ 1996 ’ਚ ਆਈ. ਸੀ. ਸੀ. ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕੀਤੀ ਸੀ। ਭਾਰਤ, ਸ਼੍ਰੀਲੰਕਾ ਤੇ ਪਾਕਿਸਤਾਨ ਨੇ ਉਦੋਂ ਸਾਂਝੇ ਤੌਰ ’ਤੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ।


author

Tarsem Singh

Content Editor

Related News