ਪਾਕਿਸਤਾਨ ਨੇ ਵਿਸ਼ਵ ਇਲੈਵਨ ਨੂੰ 20 ਦੌੜਾਂ ਨਾਲ ਹਰਾਇਆ

09/13/2017 12:13:58 AM

ਲਾਹੌਰ— ਬਾਬਰ ਆਜ਼ਮ ਦੀ 86 ਦੌੜਾਂ ਦੀ ਬਿਹਤਰੀਨ ਪਾਰੀ ਦੇ ਦਮ 'ਤੇ ਪਾਕਿਸਤਾਨ ਨੇ ਵਿਸ਼ਵ ਇਲੈਵਨ ਵਿਰੁੱਧ 3 ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ ਮੰਗਲਵਾਰ ਨੂੰ 20 ਦੌੜਾਂ ਨਾਲ ਜਿੱਤ ਹਾਸਲ ਕਰ ਕੇ 1-0 ਦੀ ਬੜ੍ਹਤ ਹਾਸਲ ਕਰ ਲਈ।  ਪਾਕਿਸਤਾਨ ਨੇ 5 ਵਿਕਟਾਂ 'ਤੇ 197 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਵਿਸ਼ਵ ਇਲੈਵਨ ਨੂੰ 7 ਵਿਕਟਾਂ  'ਤੇ 177 ਦੌੜਾਂ 'ਤੇ ਰੋਕ ਲਿਆ। ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਹੋਏ ਇਸ ਮੁਕਾਬਲੇ ਵਿਚ ਵਿਸ਼ਵ ਇਲੈਵਨ ਦੀ ਟੀਮ ਸੋਹੇਲ ਖਾਨ, ਰੂਮਨ ਰਈਸ ਤੇ ਸ਼ਾਦਾਬ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਸੰਘਰਸ਼ ਕਰਦੀ ਰਹਿ ਗਈ। ਤਿੰਨਾਂ ਗੇਂਦਬਾਜ਼ਾਂ ਨੇ 2-2 ਵਿਕਟਾਂ ਲਈਆਂ। ਵਿਸ਼ਵ ਇਲੈਵਨ ਲਈ ਤਮੀਮ ਇਕਬਾਲ ਨੇ 18, ਹਾਸ਼ਿਮ ਅਮਲਾ ਨੇ 26, ਟਿਮ ਪੇਨ ਨੇ 25, ਕਪਤਾਨ ਫਾਫ ਡੂ ਪਲੇਸਿਸ ਨੇ 29, ਤਿਸ਼ਾਰਾ ਪਰੇਰਾ ਨੇ 17 ਤੇ ਡੈਰੇਨ ਸੈਮੀ ਨੇ ਅਜੇਤੂ 28 ਦੌੜਾਂ ਬਣਾਈਆਂ। ਸੈਮੀ ਨੇ ਆਖਰੀ ਓਵਰਾਂ ਵਿਚ 3 ਚੌਕੇ ਤੇ ਇਕ ਛੱਕਾ ਲਾਇਆ ਪਰ ਤੱਦ ਤੱਕ ਕਾਫੀ ਦੇਰ ਹੋ ਚੁੱਕੀ ਸੀ। ਇਸ ਤੋਂ ਪਹਿਲਾਂ ਵਿਸ਼ਵ ਇਲੈਵਨ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ।


Related News