ਟੀ-20 ਵਿਸ਼ਵ ਕੱਪ ’ਚ ਬੱਲੇਬਾਜ਼ਾਂ ’ਤੇ ਹਾਵੀ ਹੋ ਸਕਦੇ ਨੇ ਗੇਂਦਬਾਜ਼

Tuesday, May 28, 2024 - 07:12 PM (IST)

ਟੀ-20 ਵਿਸ਼ਵ ਕੱਪ ’ਚ ਬੱਲੇਬਾਜ਼ਾਂ ’ਤੇ ਹਾਵੀ ਹੋ ਸਕਦੇ ਨੇ ਗੇਂਦਬਾਜ਼

ਬੈਂਗਲੁਰੂ, (ਭਾਸ਼ਾ)– ਆਈ. ਪੀ. ਐੱਲ. ਵਿਚ ਕਾਫੀ ਮਹਿੰਗੇ ਸਾਬਤ ਹੋਏ ਗੇਂਦਬਾਜ਼ ਕੀ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਥੋੜ੍ਹੀ ਰਾਹਤ ਦੀ ਉਮੀਦ ਕਰ ਸਕਦੇ ਹਨ? ਇਸ ਪ੍ਰਸ਼ਨ ਦੀ ਉਤਪਤੀ ਆਈ. ਪੀ. ਐੱਲ. ਦੇ ਤਾਜ਼ਾ ਸੈਸ਼ਨ ਵਿਚ ਟੀ-20 ਬੱਲੇਬਾਜ਼ੀ ਵਿਚ ਆਏ ਬਦਲਾਅ ਕਾਰਨ ਹੋਈ ਹੈ।

ਆਈ. ਪੀ. ਐੱਲ.-2024 ਤੋਂ ਪਹਿਲਾਂ ਲੀਗ ਵਿਚ ਸਿਰਫ ਇਕ ਵਾਰ 250 ਦੌੜਾਂ ਦਾ ਅੰਕੜਾ ਪਾਰ ਕੀਤਾ ਗਿਆ ਸੀ ਪਰ ਹਾਲ ਹੀ ਵਿਚ ਖਤਮ ਹੋਏ ਸੈਸ਼ਨ ਵਿਚ ਟੀਮਾਂ 8 ਵਾਰ ਅਜਿਹਾ ਕਰਨ ਵਿਚ ਸਫਲ ਰਹੀਆਂ। ਆਈ. ਪੀ. ਐੱਲ. ਵਿਚ ਬੱਲੇਬਾਜ਼ਾਂ ਨੂੰ ਨਵਾਂ ਮਾਪ ਦੇਣ ਵਾਲੇ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਤੇ ਵੈਸਟਇੰਡੀਜ਼ ਦੇ ਆਂਦ੍ਰੇ ਰਸਲ ਵਰਗੇ ਬੱਲੇਬਾਜ਼ ਅਗਲੇ ਮਹੀਨੇ ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਵੀ ਖੇਡਦੇ ਹੋਏ ਨਜ਼ਰ ਆਉਣਗੇ।

ਇਸ ਲਈ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਬੱਲੇਬਾਜ਼ਾਂ ਦੇ ਦਬਦਬੇ ਦੀ ਉਮੀਦ ਕਰਨਾ ਸੁਭਾਵਿਕ ਹੈ ਪਰ ਕਈ ਕਾਰਨਾਂ ਕਾਰਨ ਉਨ੍ਹਾਂ ਦਾ ਰਵੱਈਆ ਵਿਸ਼ਵ ਕੱਪ ਵਿਚ ਓਨਾ ਇਕ ਮਾਪ ਨਹੀਂ ਹੋ ਸਕਦਾ, ਜਿੰਨਾ ਕਿ ਆਈ. ਪੀ. ਐੱਲ. ਵਿਚ ਸੀ। ਸਭ ਤੋਂ ਪਹਿਲਾਂ ਤਾਂ ਟੀਮਾਂ ਨੂੰ ਵਿਸ਼ਵ ਕੱਪ ਵਿਚ ਇੰਪੈਕਟ ਖਿਡਾਰੀਆਂ ਦੀ ਸਹੂਲਤ ਨਹੀਂ ਮਿਲੇਗੀ। ਮਿਸ਼ੇਲ ਸਟਾਰਕ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਅਾਰ.) ਨੂੰ ਤੀਜਾ ਆਈ. ਪੀ. ਐੱਲ. ਖਿਤਾਬ ਦਿਵਾਉਣ ਵਿਚ ਵੱਡੀ ਭੂਮਿਕਾ ਨਿਭਾਉਣ ਤੋਂ ਬਾਅਦ ਉਸ ਗੱਲ ਨੂੰ ਸਵੀਕਾਰ ਕੀਤਾ।

ਸਟਾਰਕ ਨੇ ਕਿਹਾ ਸੀ, ‘‘ਇੱਥੇ (ਆਈ. ਪੀ. ਐੱਲ. ਵਿਚ) ਇੰਪੈਕਟ ਖਿਡਾਰੀ ਨਿਯਮ ਹੈ ਤੇ ਟੀ-20 ਵਿਸ਼ਵ ਕੱਪ ਵਿਚ ਅਜਿਹਾ ਨਹੀਂ ਹੋਵੇਗਾ। ਤਹਾਨੂੰ ਆਪਣੇ ਆਲਰਾਊਂਡਰਾਂ ’ਤੇ ਵੱਧ ਭਰੋਸਾ ਕਰਨਾ ਪਵੇਗਾ। ਹੋਰ ਆਪਣੇ ਬੱਲੇਬਾਜ਼ੀ ਆਲਰਾਊਂਡਰ ਨੂੰ 8ਵੇਂ ਨੰਬਰ ’ਤੇ ਨਹੀਂ ਰੱਖ ਸਕਦੇ ਜਿਵੇਂ ਕਿ ਤੁਸੀਂ ਆਈ. ਪੀ. ਐੱਲ. .ਵਿਚ ਕੀਤਾ ਸੀ।’’ ਉਸ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਟੀ-20 ਵਿਸ਼ਵ ਕੱਪ ਵਿਚ ਤਸੀਂ ਇਸ ਤਰ੍ਹਾਂ ਦੇ ਵੱਡੇ ਸਕੋਰ ਦੇਖੋਗੇ ਕਿਉਂਕਿ ਉੱਥੇ ਇਕ ਬੱਲੇਬਾਜ਼ ਘੱਟ ਹੋਵੇਗਾ।’’

ਆਈ. ਪੀ. ਐੱਲ. ਦੇ ਸ਼ੁਰੂਆਤੀ ਹਿੱਸੇ ਵਿਚ ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ੀ ਅਲਾਰਾਊਂਡਰ ਸ਼ਿਵਮ ਦੂਬੇ ਨੂੰ ਇੰਪੈਕਟ ਖਿਡਾਰੀ ਨਿਯਮ ਦੇ ਰਾਹੀਂ ਇਕ ਬੱਲੇਬਾਜ਼ ਦੇ ਰੂਪ ਵਚ ਇਸਤੇਮਾਲ ਕੀਤਾ ਸੀ। ਦੂਬੇ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਨਾਈਟ ਰਾਈਡਰਜ਼ ਵਿਰੁੱਧ ਕੁਝ ਮੈਚ ਜੇਤੂ ਪਾਰੀਆਂ ਖੇਡੀਆਂ ਪਰ ਵਿਸ਼ਵ ਕੱਪ ਵਿਚ ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਆਖਰੀ-11 ਵਿਚ ਜਗ੍ਹਾ ਹਾਸਲ ਕਰਨ ਲਈ ਆਪਣੀ ਗੇਂਦਬਾਜ਼ੀ ਕਲਾ ਦਾ ਵੀ ਪ੍ਰਦਸ਼ਨ ਕਰਨਾ ਪਵੇਗਾ ਕਿਉਂਕਿ ਉਪ ਕਪਤਾਨ ਹਾਰਦਿਕ ਪੰਡਯਾ ਵੀ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਹੈ ਤੇ ਪਹਿਲੀ ਪਸੰਦ ਬਣਿਆ ਹੋਇਆ ਹੈ।

ਕਪਤਾਨ ਰੋਹਿਤ ਸ਼ਰਮਾ ਨੇ ਇਹ ਗੱਲ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਹੈ। ਹਾਲਾਂਕਿ ਇਹ ਕਹਾਣੀ ਦਾ ਸਿਰਫ ਇਕ ਹਿੱਸਾ ਹੈ। ਬੱਲੇਬਾਜ਼ਾਂ ਨੂੰ ਉਨ੍ਹਾਂ ਪਿੱਚਾਂ ਨਾਲ ਵੀ ਨਜਿੱਠਣਾ ਪਵੇਗਾ ਜਿਹੜੀਆਂ ਆਈ. ਪੀ.ਐੱਲ. ਵਿਚ ਇਸਤੇਮਾਲ ਕੀਤੀਆਂ ਗਈਆਂ ਪਿੱਚਾਂ ਤੋਂ ਬਹੁਤ ਹੀ ਵੱਖਰੀਆਂ ਹੋਣਗੀਆਂ। ਇਕ ਤਜਰਬੇਕਾਰ ਕਿਊਰੇਟਰ ਨੇ ਦੱਸਿਆ, ‘‘ਵੈਸਟਇੰਡੀਜ਼ ਦੀਆਂ ਪਿੱਚਾਂ ਹੁਣ ਉਸ ਤਰ੍ਹਾਂ ਦੀਆਂ ਨਹੀਂ ਹਨ ਜਿਵੇਂ 80 ਜਾਂ 90 ਦੇ ਦਹਾਕੇ ਵਿਚ ਹੋਇਆ ਕਰਦੀਆਂ ਸਨ। ਹੁਣ ਉਹ ਹੌਲੀਆਂ ਹਨ ਤੇ ਕਈ ਵਾਰ ਗੇਂਦ ਰੁਕ ਕੇ ਵੀ ਆਉਂਦੀ ਹੈ।’’

ਉਸ ਨੇ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਗੇਂਦਬਾਜ਼, ਖਾਸ ਤੌਰ ’ਤੇ ਸਪਿਨਰ ਆਈ. ਪੀ. ਐੱਲ. ਦੀ ਤੁਲਨਾ ਵਿਚ ਕਿਤੇ ਵੱਧ ਭੂਮਿਕਾ ਨਿਭਾਉਣਗੇ, ਵਿਸ਼ੇਸ਼ ਤੌਰ ’ਤੇ ਟੂਰਨਾਮੈਂਟ ਦੇ ਦੂਜੇ ਹਫਤੇ ਨਾਲ।’’ ਕਿਊਰੇਟਰ ਨੇ ਕਿਹਾ,‘‘ਭਾਰਤ ਨੇ ਆਪਣੀ ਟੀਮ ਵਿਚ ਚਾਰ ਸਪਿਨਰਾਂ ਨੂੰ ਸ਼ਾਮਲ ਕੀਤਾ ਹੈ। ਇਹ ਸ਼ਾਇਦ ਵੈਸਟਇੰਡੀਜ਼ ਦੀਆਂ ਪਿੱਚਾਂ ਦੇ ਸੁਭਾਵਿਕ ਕਾਰਨ ਸਨ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਥੇ 250 ਦਾ ਸਕੋਰ ਦੇਖ ਸਕਾਂਗੇ।’’

ਅਮਰੀਕਾ ਵਿਚ ਸਿਰਫ ਫਲੋਰਿਡਾ ਕੋਲ ਹੀ ਹਾਈ ਪ੍ਰੋਫਾਈਲ ਕ੍ਰਿਕਟ ਮੈਚਾਂ ਦੀ ਮੇਜ਼ਬਾਨ ਕਰਨ ਦਾ ਪਹਿਲਾਂ ਦਾ ਤਜਰਬਾ ਹੈ। ਨਿਊਯਾਰਕ ਤੇ ਟੈਕਸਾਸ ਪਹਿਲੀ ਵਾਰ ਇਸ ਖੇਡ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਹੇ ਹਨ। ਤਾਂ ਕੀ ਇਸ ਨਾਲ ਦੌੜਾਂ ਬਣਾਉਣ ਦੀ ਦਰ ’ਤੇ ਅਸਰ ਪਵੇਗਾ? ਕਿਊਰੇਟਰ ਨੇ ਕਿਹਾ,‘‘ਹਾਂ, ਅਜਿਹਾ ਹੋ ਸਕਦਾ ਹੈ ਕਿ ਸ਼ੁਰੂਆਤ ਵਿਚ ਟੀਮਾਂ ਪਿੱਚ ਤੇ ਹੋਰਨਾਂ ਹਾਲਾਤ ਦਾ ਮੁਲਾਂਕਣ ਕਰਨਾ ਚਾਹੁਣਗੀਆਂ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਨਾਲ ਕੁਝ ਸਥਾਨਾਂ ’ਤੇ ਇਸਤੇਮਾਲ ਕੀਤੀ ਜਾ ਰਹੀ ਡ੍ਰਾਪ ਇਨ੍ਹਾਂ ਪਿੱਚਾਂ ਦਾ ਸੁਭਾਅ ਸੁਭਾਵਿਕ ਪਿੱਚਾਂ ਦੀ ਤੁਲਨਾ ਵਿਚ ਬਿਹਤਰ ਹੋਵੇਗਾ , ਇਸ ਲਈ ਅਸੀਂ ਉਸ ਦੌਰ ਵਿਚ ਕੁਝ ਵੱਡੇ ਸਕੋਰ ਵਾਲੇ ਮੈਚ ਦੇਖ ਸਕਦੇ ਹਾਂ।’’

ਵੈਸਟਇੰਡੀਜ਼ ਵਿਚ ਕੌਮਾਂਤਰੀ ਤੇ ਫ੍ਰੈਂਚਾਈਜ਼ੀ ਕ੍ਰਿਕਟ ਖੇਡਣ ਦਾ ਵੱਡਾ ਤਜਰਬਾ ਰੱਖਣ ਵਾਲੇ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਇਸ ਨਾਲ ਸਹਿਮਤੀ ਜਤਾਈ ਹੈ। ਵਾਰਨਰ ਨੇ ਕਿਹਾ,‘‘ਕੈਰੇਬੀਆ ਵਿਚ ਪਿੱਚਾਂ ਸੁੱਕੀਆਂ ਹੋਣ ਕਾਰਨ ਗੇਂਦ ਖੁਰਦਰੀ ਹੋ ਜਾਵੇਗੀ ਤੇ ਸਪਿਨ ਕਰਨ ਲੱਗੇਗੀ। ਆਈ. ਪੀ. ਐੱਲ. ਵਿਚ ਗੇਂਦ ਦੀ ਉੱਪਰਲੀ ਪਰਤ ਲੰਬੇ ਸਮੇਂ ਤਕ ਰਹਿੰਦੀ ਹੈ ਤੇ ਇਸ ਲਈ ਗੇਂਦ ਘੱਟ ਟਰਨ ਕਰਦੀ ਹੈ।’’ ਉਸ ਨੇ ਕਿਹਾ,‘‘ਮੈਂ ਉੱਥੇ ਕਾਫੀ ਕ੍ਰਿਕਟ ਖੇਡੀ ਹੈ ਤੇ ਸੀ. ਪੀ. ਐੱਲ. (ਕੈਰੇਬੀਆਈ ਪ੍ਰੀਮੀਅਰ ਲੀਗ) ਵਿਚ ਵੀ ਖੇਡਿਆ ਹਾਂ। ਵਿਕਟਾਂ ਹੌਲੀਆਂ ਤੇ ਘੱਟ ਉਛਾਲ ਵਾਲੀਆਂ ਹੁੰਦੀਆਂ ਜਾਂਦੀਆਂ ਹਨ।’’

ਆਈ. ਪੀ. ਐੱਲ. 2024 ਵਿਚ ਔਸਤ ਰਨ ਰੇਟ 9.56 ਸੀ ਜਿਹੜੀ ਟੂਰਨਾਮੈਂਟ ਦੇ ਇਤਿਹਾਸ ਵਿਚ ਹੁਣ ਤਕ ਦੀ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ ਔਸਤ ਸਕੋਰ 180 ਤੋਂ ਉੱਪਰ ਰਿਹਾ। ਹੈਦਰਾਬਾਦ ਵਿਚ ਪਹਿਲੀ ਪਾਰੀ ਦਾ ਔਸਤ ਸਕੋਰ 230 ਦੌੜਾਂ ਦੇ ਆਸਪਾਸ ਸੀ। ਹਾਲਾਂਕਿ ਜਿਵੇਂ ਕਿ ਕੁਝ ਅੰਕੜਿਆਂ ਤੋਂ ਪਤਾ ਲੱਗੇਗਾ, ਵੈਸਟਇੰਡੀਜ਼ ਦੇ ਸਟੇਡੀਅਮ ਵੱਖ ਤਰ੍ਹਾਂ ਦੇ ਹਨ। ਏਂਟੀਗਾ ਵਿਚ ਔਸਤ ਟੀ-20 ਸਕੋਰ 123 ਦੌੜਾਂ ਦਾ ਹੈ ਤੇ ਬਾਰਬਾਡੋਸ ਵਿਚ ਇਹ 138 ਦੌੜਾਂ ਹੈ। ਗਯਾਨਾ ਵਿਚ ਇਹ 124 ਤੇ ਤ੍ਰਿਨੀਦਾਦ ਵਿਚ ਸਿਰਫ 115 ਦੌੜਾਂ ਹਨ। ਸੇਂਟ ਵਿਨਸੇਂਟ ਵਿਚ ਔਸਤ ਟੀ-20 ਸਕੋਰ 118 ਜਦਕਿ ਗ੍ਰਾਸ ਆਈਲੇਟ ਵਿਚ ਸਭ ਤੋਂ ਵੱਧ 139 ਹੈ। ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਗੇਂਦਬਾਜ਼ਾਂ ਦੇ ਘੱਟ ਤੋਂ ਘੱਟ ਇਕ ਮਹੀਨੇ ਲਈ ਟੀ-20 ਵਿਚ ਦਬਦਬਾ ਬਣਾਉਣ ਦੀ ਉਮੀਦ ਹੈ।


author

Tarsem Singh

Content Editor

Related News