ਦੀਪਤੀ ਨੇ ਵਿਸ਼ਵ ਪੈਰਾ ਚੈਂਪੀਅਨਸ਼ਿਪ ’ਚ 400 ਮੀਟਰ ਟੀ 20 ’ਚ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨਾ
Tuesday, May 21, 2024 - 10:12 AM (IST)
ਕੋਬੇ (ਜਾਪਾਨ)- ਭਾਰਤ ਦੀ ਦੀਪਤੀ ਜੀਵਨਜੀ ਨੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 400 ਮੀਟਰ ਟੀ20 ਰੇਸ ਵਿਚ 55.07 ਸੈਕੰਡ ਦੇ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ ਜਿੱਤ ਲਿਆ। ਦੀਪਤੀ ਨੇ ਅਮਰੀਕਾ ਦੀ ਬ੍ਰਿਆਨਾ ਕਲਾਰਕ ਦਾ 55.12 ਸੈਕੰਡ ਦਾ ਵਿਸ਼ਵ ਰਿਕਾਰਡ ਤੋੜਿਆ ਜਿਹੜਾ ਉਸ ਨੇ ਪਿਛਲੇ ਸਾਲ ਪੈਰਿਸ ਵਿਚ ਬਣਾਇਆ ਸੀ। ਤੁਰਕੀ ਦੀ ਐਸਿਲ ਓਂਡੇਰ 55.19 ਸੈਕੰਡ ਨਾਲ ਦੂਜੇ ਸਥਾਨ ’ਤੇ ਰਹੀ ਜਦਕਿ ਇਕਵਾਡੋਰ ਦੀ ਲਿਜਾਂਸ਼ੇਲਾ ਗੁਲੋ 56.68 ਸੈਕੰਡ ਦਾ ਸਮਾਂ ਲੈ ਕੇ ਤੀਜੇ ਸਥਾਨ ’ਤੇ ਰਹੀ।
ਦੀਪਤੀ ਨੇ ਐਤਵਾਰ ਨੂੰ ਏਸ਼ੀਆਈ ਰਿਕਾਰਡ ਸਮੇਂ 56.18 ਸੈਕੰਡ ਦੇ ਨਾਲ ਆਪਣੀ ਹੀਟ ਜਿੱਤੀ ਸੀ। ਟੀ 20 ਵਰਗ ਦੀ ਰੇਸ ਬੌਧਿਕ ਰੂਪ ਨਾਲ ਅਸਮਰਥ ਖਿਡਾਰੀਆਂ ਲਈ ਹੈ।
ਯੋਗੇਸ਼ ਕਥੂਨੀਆ ਨੇ ਪੁਰਸ਼ਾਂ ਦੇ ਐੱਫ 56 ਵਰਗ ਡਿਸਕਸ ਥ੍ਰੋਅ ਵਿਚ 41.80 ਮੀਟਰ ਦੇ ਨਾਲ ਚਾਂਦੀ ਤਮਗਾ ਜਿੱਤਿਆ। ਭਾਰਤ ਨੇ ਹੁਣ ਤਕ ਇਕ ਸੋਨ, ਇਕ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤ ਲਏ ਹਨ।