FIH ਪ੍ਰੋ ਹਾਕੀ ਲੀਗ: ਭਾਰਤ ਨੇ ਵਿਸ਼ਵ ਚੈਂਪੀਅਨ ਜਰਮਨੀ ਨੂੰ 3-0 ਨਾਲ ਹਰਾਇਆ

06/01/2024 6:52:18 PM

ਲੰਡਨ– ਭਾਰਤ ਨੇ ਜਰਮਨੀ ਦੀ ਕਮਜ਼ੋਰ ਰੱਖਿਆ ਡਿਫੈਂਡਿੰਗ ਲਾਈਨ ਦਾ ਫਾਇਦਾ ਚੁੱਕਦੇ ਹੋਏ 3 ਗੋਲ ਕੀਤੇ, ਜਿਸ ਨਾਲ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ ਹਾਕੀ ਲੀਗ ਵਿਚ ਵਿਸ਼ਵ ਚੈਂਪੀਅਨ ਨੂੰ 3-0 ਨਾਲ ਹਰਾ ਕੇ ਲੰਡਨ ਗੇੜ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ। ਡ੍ਰੈਗ ਫਲਿੱਕਰ ਹਰਮਨਪ੍ਰੀਤ (16ਵੇਂ ਮਿੰਟ), ਸੁਖਜੀਤ ਸਿੰਘ (41ਵੇਂ ਮਿੰਟ), ਤੇ ਗੁਰਜੰਟ ਸਿੰਘ (44ਵੇਂ ਮਿੰਟ) ਨੇ ਜਰਮਨੀ ਦੀ ਨੌਜਵਾਨ ਟੀਮ ਵਿਰੁੱਧ ਗੋਲ ਕੀਤੇ।
ਜਰਮਨੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੀ। ਵਿਸ਼ਵ ਦੀ 5ਵੇਂ ਨੰਬਰ ਦੀ ਭਾਰਤੀ ਟੀਮ 13 ਮੈਚਾਂ ਵਿਚੋਂ 24 ਅੰਕ ਲੈ ਕੇ ਤੀਜੇ ਸਥਾਨ ’ਤੇ ਬਣੀ ਹੋਈ ਹੈ ਜਦਕਿ ਅਰਜਨਟੀਨਾ 14 ਮੈਚਾਂ ਵਿਚੋਂ 26 ਅੰਕ ਲੈ ਕੇ ਦੂਜੇ ਸਥਾਨ ’ਤੇ ਹੈ। ਭਾਰਤ ਨੇ ਪ੍ਰੋ ਲੀਗ ਦੇ ਐਂਟਵਰਪ ਗੇੜ ਵਿਚ ਅਰਜਨਟੀਨਾ ਨੂੰ ਦੋ ਵਾਰ ਹਰਾਇਆ ਸੀ। ਨੀਦਰਲੈਂਡ 12 ਮੈਚਾਂ ਵਿਚੋਂ 26 ਅੰਕ ਲੈ ਕੇ ਅੰਕ ਸੂਚੀ ਵਿਚ ਚੋਟੀ ’ਤੇ ਹੈ।
ਭਾਰਤ ਦੇ ਤਜਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਪਹਿਲੇ ਕੁਆਰਟਰ ਵਿਚ ਜਰਮਨੀ ਦੇ ਲਗਾਤਾਰ ਹਮਲਿਆਂ ਨੂੰ ਰੋਕਦੇ ਹੋਏ ਦੋ ਪੈਨਲਟੀ ਕਾਰਨਰ ਨੂੰ ਨਾਕਾਮ ਕਰ ਦਿੱਤਾ। ਦੂਜੇ ਕੁਆਰਟਰ ਦੇ ਪਹਿਲੇ ਹੀ ਮਿੰਟ ਵਿਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਨੂੰ ਦਬਾਅ ਵਿਚ ਲਿਆ ਦਿੱਤਾ। ਭਾਰਤੀ ਕਪਤਾਨ ਨੇ 16ਵੇਂ ਮਿੰਟ ਵਿਚ ਹੇਠਾਂ ਫਲਿੱਕ ਜਰਮਨੀ ਦੇ ਗੋਲਕੀਪਰ ਅਲੈਗਜ਼ੈਂਡਰ ਸਟੈਡਲਰ ਵੱਲੋਂ ਵਧਾਈ ਜਿਹੜੀ ਬੈਰੀ ਏਂਥੀਯਸ ਤੋਂ ਡਿਫਲੈਕਟ ਹੋ ਕੇ ਗੋਲ ਵਿਚ ਚਲੀ ਗਈ। ਇਸ ਤੋਂ ਬਾਅਦ ਸੁਖਜੀਤ ਨੇ 41ਵੇਂ ਮਿੰਟ ਵਿਚ ਬੜ੍ਹਤ ਦੁੱਗਣੀ ਕਰ ਦਿੱਤੀ।

ਸੁਖਜੀਤ ਨੇ ਅਭਿਸ਼ੇਕ ਨੂੰ ਪਾਸ ਦਿੱਤਾ ਤੇ ਸਰਕਲ ਵੱਲ ਦੌੜੇ। ਅਭਿਸ਼ੇਕ ਨੇ ਇਸ ਨੂੰ ਸੁਖਜੀਤ ਨੂੰ ਵਾਪਸ ਦਿੱਤਾ, ਜਿਸ ਨੇ ਜਰਮਨੀ ਦੇ ਗੋਲਕੀਪਰ ਨੂੰ ਝਕਾਨੀ ਦਿੰਦੇ ਹੋਏ ਸ਼ਾਨਦਾਰ ਸ਼ਾਟ ਲਗਾਈਆਂ। ਇਸ ਦੇ ਤਿੰਨ ਮਿੰਟ ਬਾਅਦ ਗੁਰਜੰਟ ਨੇ ਭਾਰਤ ਲਈ ਤੀਜਾ ਗੋਲ ਕਰ ਦਿੱਤਾ। ਸੰਜੇ ਨੇ ਗੋਲ ਲਾਈਨ ’ਤੇ ਗੇਂਦ ਜਰਮਨਪ੍ਰੀਤ ਸਿੰਘ ਵੱਲ ਵਧਾਈ। ਇਸ ਡਿਫੈਂਡਰ ਨੇ ਫਿਰ ਗੇਂਦ ਨੂੰ ਗੁਰਜੰਟ ਨੂੰ ਵਾਪਸ ਭੇਜ ਦਿੱਤਾ, ਜਿਸ ਨੇ ਸਟੈਡਲਰ ਨੂੰ ਝਕਾਨੀ ਦਿੰਦੇ ਹੋਏ ਗੋਲ ਕੀਤਾ। ਜਰਮਨੀ ਦੀ ਟੀਮ ਦਬਾਅ ਵਿਚ ਆ ਗਈ ਸੀ ਤੇ ਉਸ ਨੇ ਭਾਰਤੀ ਡਿਫੈਂਡਰਾਂ ਨੂੰ ਪਾਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸ਼੍ਰੀਜੇਸ਼ ਨੇ ਉਨ੍ਹਾਂ ਨੂੰ ਇਸ ਵਿਚ ਸਫਲਤਾ ਹਾਸਲ ਨਹੀਂ ਕਰਨ ਦਿੱਤੀ। ਲਗਭਗ ਚਾਰ ਮਹੀਨੇ ਬਾਅਦ ਪ੍ਰਤੀਯੋਗਿਤਾ ਹਾਕੀ ਵਿਚ ਵਾਪਸੀ ਕਰ ਰਹੀ ਜਰਮਨੀ ਨੇ ਇਕ ਦਰਜਨ ਪੈਲਨਟੀ ਕਾਰਨਰ ਹਾਸਲ ਕੀਤੇ ਪਰ ਇਹ ਸਾਰੇ ਬੇਕਾਰ ਰਹੇ।
ਸ਼੍ਰੀਜੇਸ਼ ਨੇ ਵੀ ਆਪਣੀ ਭੂਮਿਕਾ ਬਾਖੂਬੀ ਨਿਭਾਈ ਤੇ ਪਹਿਲੇ ਕੁਆਰਟਰ ਵਿਚ ਤਿੰਨ ਕੋਸ਼ਿਸ਼ਾਂ ਨੂੰ ਅਸਫਲ ਕੀਤਾ, ਜਿਸ ਵਿਚ ਦੋ ਪੈਨਲਟੀ ਕਾਰਨਰ ਦੇ ਸਨ। ਭਾਰਤੀ ਟੀਮ ਹੁਣ 8 ਜੂਨ ਨੂੰ ਫਿਰ ਤੋਂ ਜਰਮਨੀ ਨਾਲ ਭਿੜੇਗੀ, ਜਿਸ ਤੋਂ ਬਾਅਦ ਉਸਦਾ ਸਾਹਮਣਾ 2 ਤੇ 9 ਜੂਨ ਨੂੰ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ।


Aarti dhillon

Content Editor

Related News