ਅਮਰੀਕਾ ਨੇ ਬੰਗਲਾਦੇਸ਼ ਨੂੰ ਟੀ-20 ਮੁਕਾਬਲੇ ’ਚ 5 ਵਿਕਟਾਂ ਨਾਲ ਹਰਾਇਆ

05/22/2024 7:39:30 PM

ਹਿਊਸਟਨ, (ਯੂ. ਐੱਨ. ਆਈ.)– ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕੋਰੀ ਐਂਡਰਸਨ (34) ਤੇ ਹਰਮੀਤ ਸਿੰਘ (33) ਦੀ ਅਜੇਤੂ ਬੱਲੇਬਾਜ਼ੀ ਦੇ ਦਮ ’ਤੇ ਅਮਰੀਕਾ ਨੇ ਟੀ-20 ਮੁਕਾਬਲੇ ਵਿਚ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਅਮਰੀਕਾ ਨੇ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ।

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਮਰੀਕੀ ਟੀਮ ਨੂੰ ਮੰਗਲਵਾਰ ਦੇਰ ਰਾਤ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿਚ ਇਤਿਹਾਸਕ ਜਿੱਤ ਮਿਲੀ ਹੈ। ਅਮਰੀਕਾ ਦੀ ਜਿੱਤ ਦੇ ਹੀਰੋ ਹਰਮੀਤ ਸਿੰਘ ਨੇ 13 ਗੇਂਦਾਂ ’ਚ 33 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। 157 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਮਰੀਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ ਚੌਥੇ ਓਵਰ ਵਿਚ ਹੀ ਕਪਤਾਨ ਮੋਨੰਕ ਪਟੇਲ (12) ਦੀ ਵਿਕਟ ਰਨ ਆਊਟ ਦੇ ਰੂਪ ਵਿਚ ਗੁਆ ਦਿੱਤੀ। ਉਸ ਤੋਂ ਬਾਅਦ 9ਵੇਂ ਓਵਰ ਵਿਚ ਐਂਡ੍ਰਿਯਸ ਗੌਸ 18 ਗੇਂਦਾਂ ਵਿਚ 23 ਦੌੜਾਂ ਬਣਾ ਕੇ ਆਊਟ ਹੋਇਆ। 

12ਵੇਂ ਓਵਰ ਵਿਚ ਸਟੀਵਨ ਟੇਲਰ 20 ਦੌੜਾਂ ਬਣਾ ਕੇ ਆਊਟ ਹੋਇਆ। ਐਰਨ ਜੋਂਸ (4) ਤੇ ਨਿਤਿਸ਼ ਕੁਮਾਰ (10) ਸਸਤੇ ਵਿਚ ਆਊਟ ਹੋਏ। 94 ਦੇ ਸਕੋਰ ਤਕ 5 ਵਿਕਟਾਂ ਗੁਆਉਣ ਤੋਂ ਬਾਅਦ ਸੰਕਟ ਵਿਚ ਫਸੀ ਅਮਰੀਕੀ ਟੀਮ ਨੂੰ ਕੋਰੀ ਐਂਡਰਸਨ ਤੇ ਹਰਮੀਤ ਸਿੰਘ ਨੇ ਸੰਭਾਲਿਆ। ਐਂਡਰਸਨ ਨੇ 25 ਗੇਂਦਾਂ ਵਿਚ ਅਜੇਤੂ 34 ਤੇ ਹਰਮੀਤ ਨੇ 13 ਗੇਂਦਾਂ ਵਿਚ 2 ਚੌਕੇ ਤੇ 3 ਛੱਕੇ ਲਾਉਂਦੇ ਹੋਏ ਅਜੇਤੂ 33 ਦੌੜਾਂ ਦੀ ਪਾਰੀ ਖੇਡੀ। ਦੋਵੇਂ ਬੱਲੇਬਾਜ਼ਾਂ ਨੇ ਤੂਫਾਨੀ ਅੰਦਾਜ਼ ਵਿਚ ਬੱਲੇਬਾਜ਼ੀ ਕਰਦੇ ਹੋਏ 19.3 ਓਵਰਾਂ ਵਿਚ 156 ਦੌੜਾਂ ਬਣਾ ਕੇ ਆਪਣੀ ਟੀਮ ਨੂੰ 5 ਵਿਕਟਾਂ ਨਾਲ ਇਤਿਹਾਸਕ ਜਿੱਤ ਦਿਵਾ ਦਿੱਤੀ। ਬੰਗਲਾਦੇਸ਼ ਵੱਲੋਂ ਮੁਸਤਾਫਿਜ਼ੁਰ ਰਹਿਮਾਨ ਨੇ 2 ਵਿਕਟਾਂ ਲਈਆਂ। ਸ਼ੋਰੀਫੁਲ ਇਸਲਾਮ ਤੇ ਰਿਸ਼ਾਦ ਹੁਸੈਨ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

ਅਮਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਲਿਟਨ ਕੁਮਾਰ ਦਾਸ ਤੇ ਸੌਮਿਆ ਸਰਕਾਰ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 34 ਦੌੜਾਂ ਜੋੜੀਆਂ। 5ਵੇਂ ਓਵਰ ਵਿਚ ਜਸਦੀਪ ਨੇ ਲਿਟਨ ਨੂੰ ਐੱਲ. ਬੀ. ਡਬਲਯੂ. ਕਰਕੇ ਪੈਵੇਲੀਅਨ ਭੇਜ ਦਿੱਤਾ। 6ਵੇਂ ਓਵਰ ਵਿਚ ਸੌਮਿਆ ਸਰਕਾਰ ਵੀ ਚਲਦਾ ਬਣਿਆ। ਉਸ ਨੂੰ ਸਟੀਵਨ ਟੇਲਰ ਨੇ ਆਊਟ ਕੀਤਾ। ਤੌਹੀਦ ਹ੍ਰਿਦੋਯ ਨੇ 47 ਗੇਂਦਾਂ ਵਿਚ 4 ਚੌਕੇ ਤੇ 2 ਛੱਕੇ ਲਾਉਂਦੇ ਹੋਏ 58 ਦੌੜਾਂ ਦੀ ਪਾਰੀ ਖੇਡੀ। ਮਹਿਮੂਦਉੱਲ੍ਹਾ 31, ਸੌਮਿਆ ਸਰਕਾਰ 20 ਤੇ ਲਿਟਨ ਦਾਸ 14 ਦੌੜਾਂ ਬਣਾ ਕੇ ਆਊਟ ਹੋਏ। ਅਮਰੀਕਾ ਲਈ ਸਟੀਵਨ ਟੇਲਰ ਨੇ ਦੋ ਵਿਕਟਾਂ ਲਈਆਂ। ਉੱਥੇ ਹੀ, ਸੌਰਭ, ਅਲੀ ਤੇ ਜੇਸੀ ਨੇ 1-1 ਬੱਲੇਬਾਜ਼ ਨੂੰ ਆਊਟ ਕੀਤਾ। ਦੋਵਾਂ ਟੀਮਾਂ ਵਿਚਾਲੇ ਲੜੀ ਦਾ ਦੂਜਾ ਮੈਚ ਵੀਰਵਾਰ ਨੂੰ ਹਿਊਸਟਨ ਵਿਚ ਖੇਡਿਆ ਜਾਵੇਗਾ।
 


Tarsem Singh

Content Editor

Related News