ਪਾਕਿਸਤਾਨ ਨੇ ਪਹਿਲਾ ਟੈਸਟ 7 ਵਿਕਟਾਂ ਨਾਲ ਜਿੱਤਿਆ
Saturday, Jan 30, 2021 - 12:33 PM (IST)
ਕਰਾਚੀ (ਏ. ਪੀ.)– ਸਪਿਨਰ ਨੌਮਾਨ ਅਲੀ ਤੇ ਯਾਸਿਰ ਸ਼ਾਹ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਇੱਥੇ ਦੱਖਣੀ ਅਫਰੀਕਾ ਨੂੰ ਦੂਜੀ ਪਾਰੀ ਵਿਚ ਵੀ ਘੱਟ ਸਕੋਰ ’ਤੇ ਆਊਟ ਕਰਕੇ ਪਹਿਲੇ ਟੈਸਟ ਕ੍ਰਿਕਟ ਮੈਚ ਨੂੰ 7 ਵਿਕਟਾਂ ਨਾਲ ਜਿੱਤ ਲਿਆ।
ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ 34 ਸਾਲਾ ਸਪਿਨਰ ਨੌਮਾਨ ਨੇ 35 ਦੌੜਾਂ ਦੇ ਕੇ 5 ਤੇ ਸ਼ਾਹ ਨੇ 79 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਨਾਲ ਦੱਖਣੀ ਅਫਰੀਕਾ ਆਪਣੀ ਦੂਜੀ ਪਾਰੀ ਵਿਚ ਚੌਥੇ ਦਿਨ ਲੰਚ ਤੋਂ ਕੁਝ ਦੇਰ ਪਹਿਲਾਂ 245 ਦੌੜਾਂ ’ਤੇ ਹੀ ਆਊਟ ਹੋ ਗਈ। ਇਸ ਤਰ੍ਹਾਂ ਨਾਲ ਪਾਕਿਸਤਾਨ ਨੂੰ ਜਿੱਤ ਲਈ 88 ਦੌੜਾਂ ਦਾ ਟੀਚਾ ਮਿਲਿਆ। ਐਨਰਿਚ ਨੋਰਤਜੇ (24 ਦੌੜਾਂ ਦੇ ਕੇ 2 ਵਿਕਟਾਂ) ਦੇ ਇਕ ਓਵਰ ਵਿਚ ਦੋ ਵਿਕਟਾਂ ਲੈਣ ਦੇ ਬਾਵਜੂਦ ਪਾਕਿਸਤਾਨ ਨੇ ਚਾਹ ਦੀ ਬ੍ਰੇਕ ਤੋਂ ਪਹਿਲਾਂ 22.5 ਓਵਰਾਂ ਵਿਚ 3 ਵਿਕਟਾਂ ’ਤੇ 90 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।
ਅਜ਼ਹਰ ਅਲੀ 31 ਦੌੜਾਂ ਬਣਾ ਕੇ ਅਜੇਤੂ ਰਿਹਾ ਜਦਕਿ ਪਹਿਲੀ ਪਾਰੀ ਦੇ ਸੈਂਕੜਾਧਾਰੀ ਫਵਾਦ ਆਲਮ ਨੇ ਸਪਿਨਰ ਕੇਸ਼ਵ ਮਹਾਰਾਜ ’ਤੇ ਜੇਤੂ ਚੌਕਾ ਲਾਇਆ । ਆਲਮ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਇਹ ਪਾਕਿਸਤਾਨ ਦੀ ਦੱਖਣੀ ਅਫਰੀਕਾ ਵਿਰੱੁਧ 27 ਟੈਸਟ ਮੈਚਾਂ ਵਿਚ 5ਵੀਂ ਜਿੱਤ ਹੈ। ਬਾਬਰ ਆਜ਼ਮ ਨੇ ਇਸ ਤਰ੍ਹਾਂ ਨਾਲ ਕਪਤਾਨ ਦੇ ਰੂਪ ਵਿਚ ਆਪਣੀ ਪਹਿਲੇ ਟੈਸਟ ਮੈਚ ਵਿਚ ਹੀ ਜਿੱਤ ਦਰਜ ਕੀਤੀ।
ਨੋਰਤਜੇ ਨੇ ਆਬਿਦ ਅਲੀ (10) ਨੂੰ ਬੋਲਡ ਕਰਨ ਤੋਂ ਬਾਅਦ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਇਮਰਾਨ ਬੱਟ (12) ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾਇਆ। ਜਦੋਂ ਟੀਮ ਟੀਚੇ ਤੋਂ ਸਿਰਫ 2 ਦੌੜਾਂ ਹੀ ਦੂਰ ਸੀ ਤਦ ਮਹਾਰਾਜ ਨੇ ਬਾਬਰ (30) ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ। ਸਪਿਨਰ ਨੌਮਾਨ ਤੇ ਸ਼ਾਹ ਨੇ ਮੈਚ ਵਿਚ 14 ਵਿਕਟਾਂ ਲਈਆਂ। ਦੱਖਣੀ ਅਫਰੀਕਾ ਦੇ ਬੱਲੇਬਾਜ਼ ਦੋਵੇਂ ਪਾਰੀਆਂ ਵਿਚ ਸਪਿਨਰਾਂ ਦੇ ਸਾਹਮਣੇ ਜੂਝਦੇ ਰਹੇ। ਪਾਕਿਸਤਾਨ ਨੇ ਦੱਖਣੀ ਅਫਰੀਕਾ ਦੀਆਂ 220 ਦੌੜਾਂ ਦੇ ਜਵਾਬ ਵਿਚ ਆਪਣੀ ਪਹਿਲੀ ਪਾਰੀ ਵਿਚ 4 ਵਿਕਟਾਂ ’ਤੇ 27 ਦੌੜਾਂ ਦੇ ਸਕੋਰ ਤੋਂ ਉਭਰ ਕੇ 378 ਦੌੜਾਂ ਬਣਾਈਆਂ ਤੇ 158 ਦੌੜਾਂ ਦੀ ਮਜ਼ਬੂਤ ਬੜ੍ਹਤ ਹਾਸਲ ਕੀਤੀ ਸੀ। ਦੱਖਣੀ ਅਫਰੀਕਾ ਨੇ ਸ਼ੁੱਕਰਵਾਰ ਨੂੰ 4 ਵਿਕਟਾਂ ’ਤੇ 187 ਦੌੜਾਂ ਤੋਂ ਅੱਗੇ ਖੇਡਣਾ ਸ਼ੁੂਰ ਕੀਤਾ। ਹਸਨ ਅਲੀ ਨੇ ਚੌਥੇ ਦਿਨ ਪਹਿਲੀ ਹੀ ਗੇਂਦ ’ਤੇ ਕੇਸ਼ਵ ਮਹਾਰਾਜ ਨੂੰ ਆਊਟ ਕੀਤਾ। ਕਪਤਾਨ ਕਵਿੰਟਨ ਡੀ ਕੌਕ ਦੂਜੀ ਪਾਰੀ ਵਿਚ ਵੀ ਅਸਫਲ ਰਿਹਾ ਤੇ ਸ਼ਾਹ ਦੇ ਓਵਰ ਵਿਚ ਆਬਿਦ ਨੂੰ ਕੈਚ ਦੇ ਕੇ ਪਰਤਿਆ। ਨੌਮਾਨ ਨੇ ਜਾਰਜ ਲਿੰਡੇ (11) ਨੂੰ ਲੈੱਗ ਸਲਿਪ ਵਿਚ ਕੈਚ ਕਰਵਾਇਆ। ਉਸ ਨੇ ਆਖਰੀ 3 ਵਿਕਟਾਂ ਲਗਾਤਾਰ 3 ਓਵਰਾਂ ਵਿਚ ਲਈਆਂ। ਤੇਂਬਾ ਬਾਵੂਮਾ 93 ਗੇਂਦਾਂ ’ਤੇ 40 ਦੌੜਾਂ ਬਣਾ ਕੇ ਆਖਰੀ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਇਆ। ਦੂਜਾ ਟੈਸਟ ਮੈਚ 8 ਫਰਵਰੀ ਨੂੰ ਰਾਵਲਪਿੰਡੀ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ 11 ਤੋਂ 14 ਫਰਵਰੀ ਵਿਚਾਲੇ ਲਾਹੌਰ ਵਿਚ 3 ਟੀ-20 ਮੈਚਾਂ ਦੀ ਲੜੀ ਖੇਡੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।