PAK vs NZ : ਖ਼ਰਾਬ ਰੌਸ਼ਨੀ ਨੇ ਪਾਕਿ ਨੂੰ ਬਚਾਇਆ, ਟੈਸਟ ਮੈਚ ਡਰਾਅ ’ਤੇ ਛੁੱਟਿਆ
Saturday, Dec 31, 2022 - 12:03 PM (IST)
ਸਪੋਰਟਸ ਡੈਸਕ– ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਆਖਰੀ ਸੈਸ਼ਨ ਦੀ ਰੋਮਾਂਚਕ ਖੇਡ ਖਰਾਬ ਰੌਸ਼ਨੀ ਦੀ ਭੇਟ ਚੜ੍ਹ ਗਈ। ਪਾਕਿਸਤਾਨ ਨੇ ਆਪਣੀ ਦੂਜੀ ਪਾਰੀ ਨੂੰ 8 ਵਿਕਟਾਂ ’ਤੇ 311 ਦੌੜਾਂ ’ਤੇ ਐਲਾਨ ਕਰ ਕੇ ਦਿਲੇਰੀ ਦਿਖਾਈ, ਜਿਸ ਨਾਲ ਨਿਊਜ਼ੀਲੈਂਡ ਨੂੰ 15 ਓਵਰਾਂ ਵਿਚ ਜਿੱਤ ਲਈ 138 ਦੌੜਾਂ ਦਾ ਟੀਚਾ ਮਿਲਿਆ। ਨਿਊਜ਼ੀਲੈਂਡ ਦੀ ਟੀਮ ਨੇ 8 ਓਵਰਾਂ ਵਿਚ 1 ਵਿਕਟ ’ਤੇ 61 ਦੌੜਾਂ ਬਣਾ ਲਈਆਂ ਸਨ ਤਦ ਖਰਾਬ ਰੌਸ਼ਨੀ ਦੇ ਕਾਰਨ ਖੇਡ ਨੂੰ ਰੋਕਣਾ ਪਿਆ।
ਪਾਕਿਸਤਾਨ ਨੇ ਚਾਹ ਤੋਂ ਬਾਅਦ 7 ਵਿਕਟਾਂ ’ਤੇ 249 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਇਸ ਸਮੇਂ ਟੀਮ ਕੋਲ 75 ਦੌੜਾਂ ਦੀ ਬੜ੍ਹਤ ਸੀ ਤੇ ਲੈੱਗ ਸਪਿਨਰ ਈਸ਼ ਸੋਢੀ (86 ਦੌੜਾਂ ’ਤੇ 6 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਕੋਲ ਜਿੱਤ ਦਰਜ ਕਰਨ ਦਾ ਮੌਕਾ ਸੀ। ਖੱਬੇ ਹੱਥ ਦੇ ਬੱਲੇਬਾਜ਼ ਸਓਦ ਸ਼ਕੀਲ ਨੇ 55 ਦੌੜਾਂ ਦੀ ਅਜੇਤੂ ਪਾਰੀ ਖੇਡਣ ਤੋਂ ਇਲਾਵਾ ਪੁਛੱਲੇ ਬੱਲੇਬਾਜ਼ਾਂ ਦੇ ਨਾਲ ਸ਼ਾਨਦਾਰ ਸਾਂਝੇਦਾਰੀ ਕੀਤੀ। ਉਸ ਨੇ ਮੁਹੰਮਦ ਵਸੀਮ (43) ਦੇ ਨਾਲ 8ਵੀਂ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਫਿਰ ਮੀਰ ਹਮਜਾ (ਅਜੇਤੂ 3 ਦੌੜਾਂ) ਦੇ ਨਾਲ 9ਵੀਂ ਵਿਕਟ ਲਈ 44 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
ਬਾਬਰ ਆਜ਼ਮ ਨੇ ਇਸ ਸਮੇਂ ਪਾਰੀ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਨੂੰ 9 ਵਿਕਟਾਂ ’ਤੇ 612 ਦੌੜਾਂ ’ਤੇ ਐਲਾਨ ਕੀਤਾ ਸੀ । ਟੀਮ ਨੇ 15 ਓਵਰਾਂ ਵਿਚ 138 ਦੌੜਾਂ ਦੀ ਟੀਚਾ ਹਾਸਲ ਕਰਨ ਦੀ ਕੋਸ਼ਿਸ਼ ਵਿਚ ਤੇਜ਼ ਸ਼ੁਰੂਆਤ ਕੀਤੀ। ਮੈਚ ਨੂੰ ਰੋਕੇ ਜਾਂਦੇ ਸਮੇਂ ਟਾਮ ਲਾਥਮ 35 ਤੇ ਡੇਵੋਨ ਕਾਨਵੇ 18 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਖਰਾਬ ਰੌਸ਼ਨੀ ਨੇ ਪਾਕਿਸਤਾਨ ਨੂੰ ਘਰੇਲੂ ਧਰਤੀ ’ਤੇ ਲਗਾਤਾਰ ਪੰਜਵੇਂ ਮੈਚ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਚਾ ਲਿਆ।
ਪਾਕਿਸਤਾਨ ਨੇ ਦਿਨ ਦੀ ਸ਼ੁਰੂਆਤ 2 ਵਿਕਟਾਂ ’ਤੇ 77 ਦੌੜਾਂ ਨਾਲ ਕੀਤੀ ਪਰ ਨੌਮਾਨ ਅਲੀ ਬੀਤੇ ਦਿਨ ਦੇ ਚਾਰ ਦੌੜਾਂ ਦੇ ਆਪਣੇ ਸਕੋਰ ਵਿਚ ਬਿਨਾਂ ਕੋਈ ਵਾਧਾ ਕੀਤੇ ਮਿਸ਼ੇਲ ਬ੍ਰੇਸਵੇਲ (82 ਦੌੜਾਂ ’ਤੇ ਦੋ ਵਿਕਟਾਂ) ਦਾ ਸ਼ਿਕਾਰ ਬਣ ਗਿਆ। ਬਾਬਰ ਵੀ 14 ਦੌੜਾਂ ਬਣਾ ਕੇ ਸੋਢੀ ਦੀ ਗੇਂਦ ’ਤੇ ਐੱਲ. ਬੀ. ਡਬਲਯੂ. ਹੋ ਗਿਆ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ (96) ਨੂੰ ਸਰਫਰਾਜ਼ ਅਹਿਮਦ (53) ਦਾ ਚੰਗਾ ਸਾਥ ਮਿਲਿਆ। ਦੋਵਾਂ ਦੀ ਪੰਜਵੀਂ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਨੂੰ ਸੋਢੀ ਨੇ ਤੋੜਿਆ। ਸੋਢੀ ਨੇ ਪਾਰੀ ਦੇ 70ਵੇਂ ਤੇ 72ਵੇਂ ਓਵਰ ਵਿਚ ਆਗਾ ਸਲਮਾਨ (6 ਦੌੜਾਂ) ਤੇ ਇਮਾਮ ਨੂੰ ਆ0ਊਟ ਕਰਕੇ ਨਿਊਜ਼ੀਲੈਂਡ ਦੀ ਜਿੱਤ ਦੀਆਂ ਉਮੀਦਾਂ ਜਗਾ ਦਿੱਤੀਆਂ। ਇਸ ਤੋਂ ਬਾਅਦ ਸ਼ਕੀਲ ਨੇ ਹਾਲਾਂਕਿ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਨਾਲ ਸੂਝਬੂਝ ਦੀ ਪਾਰੀ ਖੇਡੀ।