PAK v NZ : ਅਜ਼ਹਰ ਸੈਂਕੜੇ ਤੋਂ ਖੁੰਝਿਆ, ਜੈਮਿਸਨ ਨੇ ਲਾਇਆ ਪੰਜਾ

Sunday, Jan 03, 2021 - 11:54 PM (IST)

PAK v NZ : ਅਜ਼ਹਰ ਸੈਂਕੜੇ ਤੋਂ ਖੁੰਝਿਆ, ਜੈਮਿਸਨ ਨੇ ਲਾਇਆ ਪੰਜਾ

ਕ੍ਰਾਈਸਟਚਰਚ– ਚੋਟੀਕ੍ਰਮ ਦਾ ਬੱਲੇਬਾਜ਼ ਅਜ਼ਹਰ ਅਲੀ (93) ਨਿਊਜ਼ੀਲੈਂਡ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਐਤਵਾਰ ਨੂੰ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਉਸਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਪਹਿਲੀ ਪਾਰੀ ਵਿਚ 297 ਦੌੜਾਂ ਦਾ ਸਨਮਾਨਜਨਕ ਸਕੋਰ ਬਣਾ ਲਿਆ। ਨਿਊਜ਼ੀਲੈਂਡ ਵਲੋਂ ਤੇਜ਼ ਗੇਂਦਬਾਜ਼ ਕਾਇਲ ਜੈਮਿਸਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 69 ਦੌੜਾਂ ’ਤੇ 5 ਵਿਕਟਾਂ ਲਈਆਂ।

PunjabKesari
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਤੇ ਟਿਮ ਸਾਊਥੀ ਨੇ ਸਲਾਮੀ ਬੱਲੇਬਾਜ਼ ਸ਼ਾਨ ਮਸੂਦ ਨੂੰ ਖਾਤਾ ਖੋਲ੍ਹੇ ਬਿਨਾਂ ਐੱਲ. ਬੀ. ਡਬਲਯੂ. ਆਊਟ ਕਰਕੇ ਪਾਕਿਸਤਾਨ ਨੂੰ ਪਹਿਲਾ ਝਟਕਾ ਦਿੱਤਾ। ਸ਼ੁਰੂਆਤੀ ਝਟਕਾ ਲੱਗਣ ਤੋਂ ਬਾਅਦ ਆਬਿਦ ਅਲੀ ਨੇ ਅਜ਼ਹਰ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ ਤੇ ਦੋਵਾਂ ਬੱਲੇਬਾਜ਼ਾਂ ਵਿਚਾਲੇ ਦੂਜੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਹੋਈ।

PunjabKesari
ਇਹ ਸਾਂਝੇਦਾਰੀ ਹੋਰ ਵੱਡੀ ਹੁੰਦੀ, ਉਸ ਤੋਂ ਪਹਿਲਾਂ ਹੀ ਜੈਮਿਸਨ ਨੇ ਆਬਿਦ ਨੂੰ ਸਾਊਥੀ ਦੇ ਹੱਥੋਂ ਕੈਚ ਕਰਵਾ ਕੇ ਉਸਦੀ ਪਾਰੀ ਦਾ ਅੰਤ ਕਰ ਦਿੱਤਾ। ਆਬਿਦ ਨੇ 53 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਆਬਿਦ ਦੀ ਵਿਕਟ ਡਿੱਗਣ ਤੋਂ ਬਾਅਦ ਪਾਕਿਸਤਾਨ ਦੀ ਪਾਰੀ ਇਕ ਵਾਰ ਫਿਰ ਲੜਖੜਾਈ ਤੇ ਜੈਮਿਸਨ ਨੇ ਹੈਰਿਸ ਸੋਹੇਲ (1) ਅਤੇ ਫਵਾਦ ਆਲਮ (2) ਨੂੰ ਪੈਵੇਲੀਅਨ ਭੇਜ ਕੇ ਪਾਕਿਸਤਾਨ ਦਾ ਸਕੋਰ 4 ਵਿਕਟਾਂ ’ਤੇ 83 ਦੌੜਾਂ ਕਰ ਦਿੱਤਾ।
ਅਜ਼ਹਰ ਨੇ ਇਸ ਤੋਂ ਬਾਅਦ ਕਪਤਾਨ ਮੁਹੰਮਦ ਰਿਜ਼ਵਾਨ ਦੇ ਨਾਲ ਪਾਰੀ ਨੂੰ ਗਤੀ ਦੇਣ ਦੀ ਕੋਸ਼ਿਸ਼ ਕੀਤੀ ਤੇ ਦੋਵਾਂ ਬੱਲੇਬਾਜ਼ਾਂ ਵਿਚਾਲੇ 5ਵੀਂ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਹੋਈ। ਜੈਮਿਸਨ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕੀਤਾ ਤੇ ਰਿਜ਼ਵਾਨ ਨੂੰ ਵਾਟਲਿੰਗ ਹੱਥੋਂ ਕੈਚ ਕਰਵਾ ਕੇ ਆਊਟ ਕਰ ਦਿੱਤਾ। ਰਿਜ਼ਵਾਨ ਨੇ 71 ਗੇਂਦਾਂ ਵਿਚ 11 ਚੌਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ। ਅਜ਼ਹਰ ਨੇ ਇਸ ਤੋਂ ਬਾਅਦ ਫਹੀਮ ਅਸ਼ਰਫ ਦੇ ਨਾਲ ਸਾਂਝੇਦਾਰੀ ਕੀਤੀ ਤੇ ਦੋਵਾਂ ਬੱਲੇਬਾਜ਼ਾਂ ਨੇ 6ਵੀਂ ਵਿਕਟ ਲਈ 56 ਦੌੜਾਂ ਜੋੜੀਆਂ ਹਾਲਾਂਕਿ ਅਜ਼ਹਰ ਮੈਟ ਹੈਨਰੀ ਦੀ ਗੇਂਦ ’ਤੇ ਰੋਸ ਟੇਲਰ ਨੂੰ ਕੈਚ ਦੇ ਬੈਠਾ ਤੇ ਸੈਂਕੜੇ ਤੋਂ ਖੁੰਝ ਗਿਆ। ਅਜ਼ਹਰ ਨੇ 172 ਗੇਂਦਾਂ ਵਿਚ 12 ਚੌਕਿਆਂ ਦੀ ਮਦਦ ਨਾਲ 93 ਦੌੜਾਂ ਬਣਾਈਆਂ।

PunjabKesari
ਅਜ਼ਹਰ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਦੀ ਪਾਰੀ ਜ਼ਿਆਦਾ ਦੇਰ ਤਕ ਨਹੀਂ ਟਿਕ ਸਕੀ ਤੇ 83.5 ਓਵਰਾਂ ਵਿਚ 297 ਦੌੜਾਂ ’ਤੇ ਆਲ ਆਊਟ ਹੋ ਗਈ। ਪਾਕਿਸਤਾਨ ਦੀ ਪਾਰੀ ਵਿਚ ਫਹੀਮ ਨੇ 88 ਗੇਂਦਾਂ ਵਿਚ 8 ਚੌਕਿਆਂ ਦੀ ਮਦਦ ਨਾਲ 48, ਜ਼ਫਰ ਗੋਹਾਰ ਨੇ 62 ਗੇਂਦਾਂ ਵਿਚ 6 ਚੌਕਿਆਂ ਦੇ ਸਹਾਰੇ 34, ਨਸੀਮ ਸ਼ਾਹ ਨੇ 12 ਤੇ ਸ਼ਾਹੀਨ ਅਫਰੀਦੀ ਨੇ 4 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਵਲੋਂ ਜੈਮਿਸਨ ਨੇ 69 ਦੌੜਾਂ ਦੇ ਕੇ 5 ਵਿਕਟਾਂ, ਸਾਊਥੀ ਨੇ 61 ਦੌੜਾਂ ਦੇ ਕੇ 2 ਵਿਕਟਾਂ, ਬੋਲਟ ਨੇ 82 ਦੌੜਾਂ ਦੇ ਕੇ 2 ਵਿਕਟਾਂ ਤੇ ਹੈਨਰੀ ਨੇ 68 ਦੌੜਾਂ ਦੇ ਕੇ 1 ਵਿਕਟ ਲਈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News