ਪਾਕਿ ਨੇ ਡੇਵਿਸ ਕੱਪ ਮੈਚ ਸਥਾਨ ਨੂੰ ਬਦਲਣ ਦੇ ITF ਦੇ ਫੈਸਲੇ ਨੂੰ ਦਿੱਤੀ ਚੁਣੌਤੀ
Monday, Nov 11, 2019 - 11:29 PM (IST)

ਕਰਾਚੀ— ਪਾਕਿਸਤਾਨ ਨੇ ਭਾਰਤ ਵਿਰੁੱਧ ਡੇਵਿਸ ਕੱਪ ਮੁਕਾਬਲੇ ਨੂੰ ਕਿਸੇ ਬਦਲਵੇਂ ਸਥਾਨ 'ਤੇ ਬਦਲਣ ਦੇ ਕੌਮਾਂਤਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਦੇ ਫੈਸਲੇ ਵਿਰੁੱਧ ਇਸ ਵਿਸ਼ਵ ਸੰਸਥਾ ਵਿਚ ਅਪੀਲ ਦਾਇਰ ਕੀਤੀ ਤੇ ਕਿਹਾ ਹੈ ਕਿ ਇਸਲਾਮਾਬਾਦ ਇਸਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਪਾਕਿਸਤਾਨ ਟੈਨਿਸ ਮਹਾਸੰਘ (ਪੀ. ਟੀ. ਐੱਫ.) ਦੇ ਮੁਖੀ ਸਲੀਮ ਸੈਫਉੱਲ੍ਹਾ ਨੇ ਦੱਸਿਆ ਕਿ ਕੌਮਾਂਤਰੀ ਸੰਸਥਾ ਵਿਚ ਰਸਮੀ ਅਪੀਲ ਦਰਜ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ 15 ਨਵੰਬਰ ਤਕ ਹਾਂ-ਪੱਖੀ ਜਵਾਬ ਮਿਲਣ ਦੀ ਉਮੀਦ ਹੈ।
ਸੈਫਉੱਲ੍ਹਾ ਨੇ ਕਿਹਾ, ''ਅਸੀਂ ਕਿਹਾ ਹੈ ਕਿ ਅਸੀਂ ਡੇਵਿਸ ਕੱਪ ਮੁਕਾਬਲੇ ਲਈੇ ਭਾਰਤ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਤੇ ਕਿਸੇ ਤਰ੍ਹਾਂ ਦੀ ਸੁਰੱਖਿਆ ਦਾ ਮਸਲਾ ਨਹੀਂ ਹੈ ਤੇ ਨਾ ਹੀ ਦੋਵੇਂ ਦੇਸ਼ਾਂ ਵਿਚਾਲੇ ਰਾਜਨੀਤਿਕ ਸਬੰਧਾਂ ਕਾਰਣ ਮੇਜ਼ਬਾਨੀ ਦਾ ਸਾਡਾ ਅਧਿਕਾਰ ਖੋਹਿਆ ਜਾਣਾ ਚਾਹੀਦਾ ਹੈ।'' ਉਸ ਨੇ ਕਿਹਾ ਕਿ ਸ਼ਨੀਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋਈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਮੌਜੂਦਾ ਰਾਜਨੀਤਕ ਤਣਾਅ ਦੇ ਬਾਵਜੂਦ ਭਾਰਤ ਡੇਵਿਸ ਕੱਪ ਟੀਮ ਦੀ ਇਸਲਾਮਾਬਾਦ ਵਿਚ ਮੇਜ਼ਬਾਨੀ ਕਰਨਾ ਸੰਭਵ ਹੈ।