ਸਾਡੀ ਟੀਮ ਦੁਨੀਆ ਨੂੰ ਭਾਰਤੀ ਹਾਕੀ ਦੀ ਭਾਵਨਾ ਤੇ ਤਾਕਤ ਦਿਖਾਉਣ ਲਈ ਤਿਆਰ : ਮਨਪ੍ਰੀਤ ਸਿੰਘ

Friday, Jul 12, 2024 - 10:28 AM (IST)

ਸਾਡੀ ਟੀਮ ਦੁਨੀਆ ਨੂੰ ਭਾਰਤੀ ਹਾਕੀ ਦੀ ਭਾਵਨਾ ਤੇ ਤਾਕਤ ਦਿਖਾਉਣ ਲਈ ਤਿਆਰ : ਮਨਪ੍ਰੀਤ ਸਿੰਘ

ਨਵੀਂ ਦਿੱਲੀ–ਆਪਣਾ ਚੌਥਾ ਓਲੰਪਿਕ ਖੇਡਣ ਜਾ ਰਹੇ ਭਾਰਤੀ ਪੁਰਸ਼ ਹਾਕੀ ਟੀਮ ਦੇ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਾਡੀ ਟੀਮ ਦੁਨੀਆ ਨੂੰ ਭਾਰਤੀ ਹਾਕੀ ਦੀ ਭਾਵਨਾ ਤੇ ਤਾਕਤ ਦਿਖਾਉਣ ਲਈ ਤਿਆਰ ਹੈ। ਮਨਪ੍ਰੀਤ ਨੇ ਕਿਹਾ,‘‘ਮੇਰਾ ਚੌਥੀਆਂ ਓਲੰਪਿਕ ਵਿਚ ਖੇਡਣਾ ਇਕ ਸੁਪਨੇ ਦੇ ਸੱਚ ਹੋਣ ਵਰਗਾ ਹੈ ਤੇ ਇਹ ਇਕ ਅਜਿਹਾ ਮੀਲ ਦਾ ਪੱਥਰ ਹੈ ਜਿਹੜਾ ਕਿ ਮੈਨੂੰ ਬਹੁਤ ਸਨਮਾਨਿਤ ਕਰਦਾ ਹੈ। ਇਹ ਮੇਰੇ ਪਰਿਵਾਰ, ਕੋਚ ਤੇ ਸਾਥੀਆਂ ਦੀ ਸਾਲਾਂ ਦੀ ਸਖਤ ਮਿਹਨਤ, ਸਮਰਪਣ ਤੇ ਅਟੁੱਟ ਸਮਰਥਨ ਦਾ ਸਬੂਤ ਹੈ। ਧੰਨਰਾਜ ਪਿੱਲੈ ਵਰਗੇ ਧਾਕੜਾਂ ਦੇ ਨਕਸ਼ੇ-ਕਦਮਾਂ ’ਤੇ ਚੱਲਣਾ, ਜਿਹੜਾ ਮੇਰੇ ਸਮੇਤ ਅਣਗਿਣਤ ਖਿਡਾਰੀਆਂ ਲਈ ਪ੍ਰੇਰਣਾ ਰਿਹਾ ਹੈ, ਸ਼ਬਦਾਂ ਤੋਂ ਪਰੇ ਸਨਮਾਨ ਹੈ।’’
ਉਸ ਨੇ ਕਿਹਾ, ‘‘ਮੈਂ ਪੈਰਿਸ ਵਿਚ ਭਾਰਤ ਲਈ ਆਪਣਾ ਸਭ ਕੁਝ ਦੇਣ ਲਈ ਉਤਸ਼ਾਹਿਤ ਹਾਂ। ਮੈਂ ਸਿਰਫ ਟੀਮ ਨਹੀਂ, ਸਗੋਂ ਲੱਖਾਂ ਪ੍ਰਸ਼ੰਸਕਾਂ ਦੀਆਂ ਉਮੀਦਾਂ ਤੇ ਸੁਪਨਿਆਂ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ। ਸਾਡੀ ਟੀਮ ਦੁਨੀਆ ਨੂੰ ਭਾਰਤੀ ਹਾਕੀ ਦੀ ਭਾਵਨਾ ਤੇ ਤਾਕਤ ਦਿਖਾਉਣ ਲਈ ਤਿਆਰ ਹੈ। ਅਸੀਂ ਸਖਤ ਤਿਆਰੀ ਕੀਤੀ ਹੈ ਤੇ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਦ੍ਰਿੜ੍ਹ ਹਾਂ।’’
ਜ਼ਿਕਰਯੋਗ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਸੋਮਵਾਰ ਨੂੰ ਸਵਿਟਜ਼ਰਲੈਂਡ ਵਿਚ ਮਾਈਕ ਹਾਰ ਦੇ ਬੇਸ ਲਈ ਰਵਾਨਾ ਹੋਵੇਗੀ, ਜਿੱਥੇ ਟੀਮ 3 ਦਿਨਾਂ ਦੀ ਟ੍ਰੇਨਿੰਗ ਕਰੇਗੀ। ਇਸ ਤੋਂ ਬਾਅਦ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਟੀਮ 20 ਜੁਲਾਈ ਨੂੰ ਪੈਰਿਸ ਪਹੁੰਚਣ ਤੋਂ ਪਹਿਲਾਂ ਅਭਿਆਸ ਮੈਚਾਂ ਦੀ ਇਕ ਲੜੀ ਲਈ ਨੀਦਰਲੈਂਡ ਜਾਵੇਗੀ। ਭਾਰਤ ਨੂੰ ਪੈਰਿਸ ਓਲੰਪਿਕ 2024 ਦੇ ਪੂਲ-ਬੀ ਵਿਚ ਰੱਖਿਆ ਗਿਆ ਹੈ। ਇਸ ਪੂਲ ਵਿਚ ਭਾਰਤ ਨੂੰ ਸਾਬਕਾ ਚੈਂਪੀਅਨ ਬੈਲਜੀਅਮ, ਆਸਟ੍ਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਤੇ ਆਇਰਲੈਂਡ ਨਾਲ ਰੱਖਿਆ ਗਿਆ ਹੈ।


author

Aarti dhillon

Content Editor

Related News