ਫ੍ਰੈਂਚ ਓਪਨ ’ਚ ਮੀਡੀਆ ਕਰਮਚਾਰੀਆਂ ਨਾਲ ਗੱਲ ਨਹੀਂ ਕਰੇਗੀ ਓਸਾਕਾ, ਇਹ ਹੈ ਵਜ੍ਹਾ
Thursday, May 27, 2021 - 09:32 PM (IST)
ਸਪੋਰਟਸ ਡੈਸਕ : ਟੈਨਿਸ ਸਟਾਰ ਨਾਓਮੀ ਓਸਾਕਾ ਨੇ ਕਿਹਾ ਹੈ ਕਿ ਉਹ ਫ੍ਰੈਂਚ ਓਪਨ ਦੌਰਾਨ ਮੀਡੀਆ ਕਰਮਚਾਰੀਆਂ ਨਾਲ ਗੱਲ ਨਹੀਂ ਕਰੇਗੀ। ਦੁਨੀਆ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਹਿਲਾ ਖਿਡਾਰੀ ਨੇ ਬੁੱਧਵਾਰ ਟਵਿਟਰ ’ਤੇ ਆਪਣੀ ਪੋਸਟ ’ਚ ਲਿਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੇ ਲਈ ਮੇਰੇ ਉੱਤੇ ਜੁਰਮਾਨਾ ਲਾਇਆ ਜਾਵੇਗਾ, ਉਹ ਮਾਨਸਿਕ ਸਿਹਤ ਨਾਲ ਜੁੜੀ ਚੈਰਿਟੀ ਨੂੰ ਦਿੱਤਾ ਜਾਵੇਗਾ। ਫ੍ਰੈਂਚ ਓਪਨ ਪੈਰਿਸ ’ਚ ਐਤਵਾਰ ਤੋਂ ਸ਼ੁਰੂ ਹੋਵੇਗਾ। ਓਸਾਕਾ ਵਿਸ਼ਵ ’ਚ ਦੂਸਰੇ ਨੰਬਰ ਦੀ ਖਿਡਾਰਨ ਦੇ ਤੌਰ ’ਤੇ ਇਸ ਕਲੇਅ ਕੋਰਟ ਟੂਰਨਾਮੈਂਟ ’ਚ ਹਿੱਸਾ ਲਵੇਗੀ। ਜਾਪਾਨ ’ਚ ਜਨਮੀ ਤੇ ਹੁਣ ਅਮਰੀਕਾ ’ਚ ਰਹਿ ਰਹੀ 23 ਸਾਲਾ ਓਸਾਕਾ ਨੇ ਹੁਣ ਤਕ ਚਾਰ ਗ੍ਰੈਂਡ ਸਲੈਮ ਟੂਰਨਾਮੈਂਟ ਜਿੱਤੇ ਹਨ, ਜਿਨ੍ਹਾਂ ’ਚ ਪਿਛਲੇ ਸਾਲ ਦਾ ਯੂ. ਐੱਸ. ਓਪਨ ਤੇ ਇਸ ਸਾਲ ਦਾ ਆਸਟਰੇਲੀਆਈ ਓਪਨ ਵੀ ਸ਼ਾਮਲ ਹੈ।
ਓਸਾਕਾ ਨੇ ਲਿਖਿਆ ਕਿ ਮੈਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਲੋਕ ਖਿਡਾਰੀਆਂ ਦੀ ਮਾਨਸਿਕ ਸਿਹਤ ਦੀ ਪ੍ਰਵਾਹ ਨਹੀਂ ਕਰਦੇ ਤੇ ਜਦੋਂ ਵੀ ਮੈਂ ਪੱਤਰਕਾਰ ਸੰਮੇਲਨ ਦੇਖਦੀ ਹਾਂ ਜਾਂ ਉਸ ’ਚ ਹਿੱਸਾ ਲੈਂਦੀ ਹਾਂ ਤਾਂ ਮੈਨੂੰ ਇਹ ਸੱਚ ਲੱਗਦਾ ਹੈ। ਉਨ੍ਹਾਂ ਲਿਖਿਆ ਕਿ ਅਸੀਂ ਉਥੇ ਬੈਠੇ ਹੁੰਦੇ ਹਾਂ ਤੇ ਸਾਡੇ ਤੋਂ ਅਜਿਹੇ ਸਵਾਲ ਕੀਤੇ ਜਾਂਦੇ ਹਨ, ਜੋ ਪਹਿਲਾਂ ਵੀ ਕਈ ਵਾਰ ਸਾਡੇ ਤੋਂ ਪੁੱਛੇ ਜਾ ਚੁੱਕੇ ਹਨ ਜਾਂ ਫਿਰ ਅਜਿਹੇ ਸਵਾਲ ਕੀਤੇ ਜਾਂਦੇ ਹਨ, ਜਿਸ ਨਾਲ ਸਾਡੇ ਦਿਮਾਗ ’ਚ ਖਦਸ਼ਾ ਪੈਦਾ ਹੁੰਦਾ ਹੈ ਤੇ ਮੈਂ ਖੁਦ ਨੂੰ ਅਜਿਹੇ ਲੋਕਾਂ ਦੇ ਹਵਾਲੇ ਨਹੀਂ ਕਰਨਾ ਚਾਹੁੰਦੀ ਹਾਂ, ਜੋ ਮੇਰੇ ਮਨ ’ਚ ਖਦਸ਼ਾ ਪੈਦਾ ਕਰਨ। ਟੈਨਿਸ ਖਿਡਾਰੀਆਂ ਨੂੰ ਮੀਡੀਆ ਕਰਮਚਾਰੀਆਂ ਦੇ ਕਹਿਣ ’ਤੇ ਗ੍ਰੈਂਡ ਸਲੈਮ ਟੂਰਨਾਮੈਂਟ ’ਚ ਮੈਚ ਤੋਂ ਬਾਅਦ ਪੱਤਰਕਾਰ ਸੰਮੇਲਨ ’ਚ ਹਿੱਸਾ ਲੈਣਾ ਹੁੰਦਾ ਹੈ।