ਓਸਾਕਾ, ਸੇਰੇਨਾ ਤੇ ਸਿਤਸਿਪਾਸ ਹਾਰ ਕੇ ਆਸਟਰੇਲੀਅਨ ਓਪਨ ''ਚੋਂ ਬਾਹਰ

01/25/2020 12:46:15 AM

ਮੈਲਬੋਰਨ- ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ ਸ਼ੁੱਕਰਵਾਰ ਦਾ ਦਿਨ ਉਲਟਫੇਰਾਂ ਨਾਲ ਭਰਿਆ ਰਿਹਾ ਤੇ ਤੀਜੀ ਸੀਡ ਜਾਪਾਨ ਦੀ ਨਾਓਮੀ ਓਸਾਕਾ, ਅੱਠਵੀਂ ਸੀਡ ਤੇ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ 10ਵੀਂ ਸੀਡ ਅਮਰੀਕਾ ਦੀ ਮੈਡੀਸਨ ਕੀਜ਼ ਅਤੇ ਪੁਰਸ਼ਾਂ ਵਿਚ 6ਵੀਂ ਸੀਡ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਤੇ 9ਵੀਂ ਸੀਡ ਸਪੇਨ ਦੇ ਰਾਬਰਟੋ ਬਤਿਸਤਾ ਅਗੁਤ ਤੀਜੇ ਦੌਰ ਵਿਚ ਹੀ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ। ਇਨ੍ਹਾਂ ਉਲਟਫੇਰਾਂ ਵਿਚਾਲੇ ਸਾਬਕਾ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।
ਆਸਟਰੇਲੀਅਨ ਓਪਨ ਵਿਚ 7 ਵਾਰ ਦੇ ਚੈਂਪੀਅਨ ਤੇ ਦੂਜੀ ਸੀਡੀ ਜੋਕੋਵਿਚ ਨੇ ਜਾਪਾਨ ਦੇ ਯੋਸ਼ਿਹਿਤੋ ਨਿਸ਼ੀਯੋਕਾ ਨੂੰ 6-3, 6-2, 6-2 ਨਾਲ ਹਰਾ ਦਿੱਤਾ, ਜਦਕਿ ਮਹਿਲਾਵਾਂ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਬਾਰਟੀ ਨੇ 29ਵੀਂ ਸੀਡ ਕਜ਼ਾਕਿਸਤਾਨ ਦੀ ਐਲੇਨਾ ਰਿਬਾਕਿਨਾ ਨੂੰ 6-3, 6-2 ਨਾਲ ਹਰਾ ਦਿੱਤਾ। ਟੂਰਨਾਮੈਂਟ ਵਿਚ ਹਾਲਾਂਕਿ ਅੱਜ ਦਾ ਦਿਨ ਉਲਟਫੇਰਾਂ ਨਾਲ ਭਰਿਆ ਰਿਹਾ ਤੇ ਕਈ ਧਾਕੜ ਖਿਡਾਰੀ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ। ਤੀਜੀ ਸੀਡ ਅਮਰੀਕਾ ਨੂੰ 67ਵੀਂ ਰੈਂਕਿੰਗ ਦੀ ਅਮਰੀਕੀ ਖਿਡਾਰਨ ਕੋਕੋ ਗਾਫ ਨੇ ਸਿਰਫ 67 ਮਿੰਟ ਵਿਚ ਹੀ 6-3, 6-4 ਨਾਲ ਹਰਾ ਦਿੱਤਾ। ਸੇਰੇਨਾ ਦਾ ਰਿਕਾਰਡ 24ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਟੁੱਟ ਗਿਆ। ਅੱਠਵੀਂ ਸੀਡ ਸੇਰੇਨਾ ਨੂੰ 29ਵੀਂ ਰੈਂਕਿੰਗ ਦੀ ਚੀਨੀ ਖਿਡਾਰਨ ਕਿਯਾਂਗ ਵਾਂਗ ਨੇ ਸਖਤ ਸੰਘਰਸ਼ 'ਚ 6-4, 6-7, 7-5 ਨਾਲ ਹਰਾ ਕੇ ਆਖਰੀ-16 ਵਿਚ ਜਗ੍ਹਾ ਬਣਾ ਲਈ। ਕੀਜ਼ ਨੂੰ ਯੂਨਾਨ ਦੀ ਮਾਰੀਆ ਸਕਕਾਰੀ ਨੇ 6-4, 6-4 ਨਾਲ ਹਰਾਇਆ।
ਪੁਰਸ਼ ਵਰਗ ਵਿਚ ਹੁਣ ਤਕ ਦੇ ਸਭ ਤੋਂ ਵੱਡੇ ਉਲਟਫੇਰ ਵਿਚ ਛੇਵੀਂ ਸੀਡ ਸਿਤਸਿਪਾਸ ਨੂੰ 35ਵੀਂ ਰੈਂਕਿੰਗ ਦੇ ਕੈਨੇਡਾਈ ਖਿਡਾਰੀ ਮਿਲੋਸ ਰਾਓਨਿਕ ਨੇ 2 ਘੰਟੇ 30 ਮਿੰਟ ਵਿਚ 7-5, 6-4, 7-6 ਨਾਲ ਹਰਾਇਆ, ਜਦਕਿ ਨੌਵੀਂ ਸੀਡ ਅਗੁਤ ਨੂੰ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੇ 5 ਸੈੱਟਾਂ ਦੇ ਮੈਰਾਥਨ ਮੁਕਾਬਲੇ ਵਿਚ 4 ਘੰਟੇ 10 ਮਿੰਟ ਵਿਚ 6-7, 6-4, 6-0, 5-7, 6-3 ਨਾਲ ਹਰਾਇਆ।


Gurdeep Singh

Content Editor

Related News